ਪੱਤਰ ਪ੍ਰੇਰਕ
ਮਹਿਲ ਕਲਾਂ, 1 ਸਤੰਬਰ
ਟਰੇਨੀ ਪਾਇਲਟ ਵਜੋਂ ਆਪਣਾ ਕੋਰਸ ਖ਼ਤਮ ਕਰਕੇ ਘਰ ਪਹੁੰਚੀ ਨੇੜਲੇ ਪਿੰਡ ਮਨਾਲ ਦੀ ਲੜਕੀ ਕੁਲਵੀਰ ਕੌਰ ਦਾ ਪਿੰਡ ਵਿੱਚ ਭਰਵਾਂ ਸਵਾਗਤ ਕੀਤਾ ਗਿਆ। ਕੁਲਵੀਰ ਕੌਰ ਦਾ ਪਿਤਾ ਛੋਟਾ ਕਿਸਾਨ ਅਤੇ ਮਾਂ ਆਂਗਨਵਾੜੀ ਵਰਕਰ ਹੈ। ਪੜ੍ਹਾਈ ਵਿੱਚ ਹੁਸ਼ਿਆਰ ਇਸ ਵਿਦਿਆਰਥਣ ਨੇ ‘ਸ਼ਹੀਦ ਭਗਤ ਸਿੰਘ ਸਕਾਲਰਸ਼ਿਪ ਫੰਡ’ ਤਹਿਤ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਰਾਹੀਂ 5.80 ਲੱਖ ਰੁਪਏ ਦੀ ਸਕਾਲਰਸ਼ਿਪ ਹਾਸਲ ਕੀਤੀ ਹੈ। ਕੁਲਵੀਰ ਕੌਰ ਦੋ ਮਹੀਨਿਆਂ ਵਿੱਚ ਕਮਰਸ਼ੀਅਲ ਪਾਇਲਟ ਬਣ ਜਾਵੇਗੀ। ਲੜਕੀ ਦੀ ਮਾਤਾ ਸਰਬਜੀਤ ਕੌਰ ਤੇ ਪਿਤਾ ਅਵਤਾਰ ਸਿੰਘ ਨੇ ਕਿਹਾ ਕਿ ਉਹ ਆਪਣੀ ਬੱਚੀ ਦੀ ਪ੍ਰਾਪਤੀ ’ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਕੁਲਵੀਰ ਕੌਰ ਨੇ ਦੱਸਿਆ ਕਿ ਉਸ ਨੇ ਇਕ ਟਰੇਨੀ ਪਾਇਲਟ ਵਜੋਂ 150 ਘੰਟਿਆਂ ਦੀ ਉਡਾਣ ਪੂਰੀ ਕਰ ਲਈ ਹੈ ਅਤੇ 50 ਘੰਟੇ ਹੋਰ ਮੁਕੰਮਲ ਕਰਨ ਮਗਰੋਂ ਉਹ ਕਮਰਸ਼ੀਅਲ ਪਾਇਲਟ ਬਣ ਜਾਵੇਗੀ।