ਜਗਮੋਹਨ ਸਿੰਘ
ਰੂਪਨਗਰ, 13 ਜੂਨ
ਖਣਨ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਖਣਨ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਖਣਨ ਦੀ ਚੋਰੀ ਨੂੰ ਰੋਕਣ ਲਈ ਹਰ ਸੰਭਵ ਹੀਲਾ ਕੀਤਾ ਜਾ ਰਿਹਾ ਹੈ। ਖਣਨ ਮੰਤਰੀ ਅਤੇ ਖਣਨ ਸਕੱਤਰ ਵੱਲੋਂ ਹੁਣ ਖਣਨ ਠੇਕੇਦਾਰਾਂ ਵੱਲੋਂ ਲਗਾਏ ਗਏ ਭਾਰ ਤੋਲਣ ਵਾਲੇ ਕੰਡਿਆਂ ਤੇ ਇਨ੍ਹਾਂ ਦੇ ਆਧਾਰ ’ਤੇ ਜਾਰੀ ਕੀਤੀਆਂ ਜਾਣ ਵਾਲੀਆਂ ਪਰਚੀਆਂ ਦੀ ਜਾਂਚ ਦੂਜੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਵੱਲੋਂ ਕਰਵਾਉਣ ਦਾ ਅਮਲ ਆਰੰਭਿਆ ਗਿਆ ਹੈ। ਇਸੇ ਕੜੀ ਤਹਿਤ ਐਕਸੀਅਨ ਰੂਪਨਗਰ ਪੁਨੀਤ ਸ਼ਰਮਾ ਦੀ ਅਗਵਾਈ ਹੇਠ ਜੂਨੀਅਰ ਇੰਜਨੀਅਰ ਰੋਹਿਤ ਅਤੇ ਰਣਵੀਰ ਸਣੇ ਖਣਨ ਇੰਸਪੈਕਟਰ ਅਰਸ਼ਦੀਪ ਸਿੰਘ ਰੂਪਨਗਰ ਬਾਈਪਾਸ ’ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਰੈਲ ਬਰਾਮਦ ਖੱਡ ਤੋਂ ਭਰ ਕੇ ਆਏ ਟਿੱਪਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਤੋਂ ਪਹਿਲਾਂ ਖਣਨ ਵਿਭਾਗ ਵੱਲੋਂ ਰੂਪਨਗਰ ਜ਼ਿਲ੍ਹੇ ਦੀ ਆਸਪੁਰ ਕੋਟਬਾਲਾ ਡੀ-ਸਿਲਟਿੰਗ ਸਾਈਟ ਦੀ ਜਾਂਚ ਦੌਰਾਨ ਠੇਕੇਦਾਰ ਵੱਲੋਂ ਵਜ਼ਨ ਵਿੱਚ ਹੇਰਾਫੇਰੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ, ਜਿਸ ਮਗਰੋਂ ਖਣਨ ਵਿਭਾਗ ਨੇ ਪੁਲੀਸ ਚੌਕੀ ਭਰਤਗੜ੍ਹ ਵਿੱਚ ਉਕਤ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।