ਜਸਬੀਰ ਸ਼ੇਤਰਾ
ਜਗਰਾਉਂ, 12 ਅਪਰੈਲ
ਪੰਜਾਬ ਕਾਂਗਰਸ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇਸ ਜ਼ਿੰਮੇਵਾਰੀ ਲਈ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਸੂਬੇ ’ਚ ਪਾਰਟੀ ਅੰਦਰ ਨਵੀਂ ਰੂਹ ਫੂਕਣ ਲਈ ਸਿਰਤੋੜ ਯਤਨ ਕਰਨ ਦੀ ਗੱਲ ਆਖੀ ਹੈ। ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਇਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨਵੀਂ ਟੀਮ ਪੰਜਾਬ ਨੂੰ ਦਿੱਤੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਰੂਪ ’ਚ ਨੌਜਵਾਨ ਸੂਬਾ ਪ੍ਰਧਾਨ ਥਾਪਿਆ ਹੈ। ਵਿਰੋਧੀ ਧਿਰ ਦੇ ਨੇਤਾ ਵੀ ਟਕਸਾਲੀ ਤੇ ਤਜਰਬੇਕਾਰ ਪ੍ਰਤਾਪ ਸਿੰਘ ਬਾਜਵਾ ਨੂੰ ਬਣਾਇਆ ਗਿਆ ਹੈ। ਸਾਰੇ ਨਵੇਂ ਅਹੁਦੇਦਾਰ ਬਾਕੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟਤਾ ਨਾਲ ਕੰਮ ਕਰਨਗੇ। ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਾਰਜਕਾਰੀ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ। ਸਾਬਕਾ ਮੰਤਰੀ ਆਸ਼ੂ ਨੇ ਕਿਹਾ ਕਿ ਕਿਸੇ ਵੀ ਸਰਕਾਰ ਦਾ ਚਿਹਰਾ ਮੋਹਰਾ ਬਣਨ ’ਚ ਛੇ ਮਹੀਨੇ ਲੱਗ ਜਾਂਦੇ ਹਨ ਅਤੇ ਪਰਖ ਲਈ ਵੀ ਇੰਨਾ ਸਮਾਂ ਹੀ ਹੁੰਦਾ ਹੈ। ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਹੈ ਕਿ ਇੰਨੇ ਵੱਡੇ ਫਤਵੇ ਨਾਲ ਸੱਤਾ ’ਚ ਆਉਣ ਵਾਲੀ ਆਮ ਆਦਮੀ ਦੀ ਸਰਕਾਰ ਦਾ ‘ਜਲਵਾ’ ਇਕ ਮਹੀਨੇ ’ਚ ਹੀ ਫਿੱਕਾ ਪੈਣ ਲੱਗਾ ਹੈ। ਲੋਕਾਂ ’ਚ ਫੈਲੀ ਨਿਰਾਸ਼ਾ ਇਸ ਗੱਲ ਦਾ ਸਬੂਤ ਹੈ ਕਿ ਜਨਤਾ ਨਵੀਂ ਬਣੀ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਨਾ ਖੁਸ਼ ਹੈ, ਨਾ ਸੰਤੁਸ਼ਟ। ਪੰਜਾਬ ਮਾਮਲਿਆਂ ’ਚ ਕੇਜਰੀਵਾਲ ਦੇ ਸਿੱਧੇ ਦਖ਼ਲ ਦਾ ਇਲਾਜ਼ਮ ਮੜ੍ਹਦਿਆਂ ਉਨ੍ਹਾਂ ਕਿਹਾ ਕਿ ਉਂਝ ਤਾਂ ਪਹਿਲਾਂ ਹੀ ਰਾਜ ਸਭਾ ਦੀਆਂ ਟਿਕਟਾਂ ਦੇਣ ਸਮੇਤ ਕਈ ਫ਼ੈਸਲਿਆਂ ’ਚ ਸਾਫ ਹੋ ਗਿਆ ਸੀ ਪਰ ਅੱਜ ਜਿਵੇਂ ਪੰਜਾਬ ਦੇ ਅਧਿਕਾਰੀਆਂ ਨੂੰ ਦਿੱਲੀ ਸੱਦ ਕੇ ਕੇਜਰੀਵਾਲ ਨੇ ਮੀਟਿੰਗ ਕੀਤੀ ਤੇ ਹਦਾਇਤਾਂ ਜਾਰੀ ਕੀਤੀਆਂ ਉਹ ਸਹਿਣਯੋਗ ਨਹੀਂ। ਇਸ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰਨਾਂ ‘ਆਪ’ ਵਿਧਾਇਕਾਂ ਨੂੰ ਲਾਜ਼ਮੀ ਇਤਰਾਜ਼ ਉਠਾਉਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਧਾਨ ਸੋਨੀ ਗਾਲਬਿ ਨੇ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ ਬਣਨ ’ਤੇ ਵਧਾਈ ਦਿੰਦਿਆਂ ਸਾਥੀਆਂ ਨਾਲ ਮਿਲ ਕੇ ਸਨਮਾਨਿਤ ਵੀ ਕੀਤਾ।