ਕਰਨਲ ਬਲਬੀਰ ਸਿੰਘ ਸਰਾਂ
ਪਿਛਲੇ 72 ਸਾਲਾਂ ਵਿੱਚ ਗੁਆਂਢੀ ਮੁਲਕਾਂ ਵੱਲੋਂ ਭਾਰਤ ਉੱਪਰ ਛੇ ਜੰਗਾਂ ਥੋਪੀਆਂ ਜਾ ਚੁੱਕੀਆਂ ਹਨ। ਹਾਲਾਤ ਅਜੇ ਵੀ ਸੁਖਾਵੇਂ ਨਹੀਂ। ਕੌਮਾਂ ਅਤੇ ਮੁਲਕਾਂ ਦੇ ਰਿਸ਼ਤੇ ਫ਼ੌਜ ’ਤੇ ਨਹੀਂ, ਮੁਲਕ ਦੇ ਨੇਤਾਵਾਂ ਅਤੇ ਨੀਤੀਘਾੜਿਆਂ ’ਤੇ ਨਿਰਭਰ ਹੁੰਦੇ ਹਨ। ਅਕਤੂਬਰ 1962 ਵਿੱਚ ਚੀਨ ਨੇ ਸਾਡੇ ਮੁਲਕ ’ਤੇ ਹਮਲਾ ਕਰ ਦਿੱਤਾ ਸੀ। ਅਸੀਂ ਤਿਆਰ ਨਹੀਂ ਸਾਂ। ਸਾਡੇ ਉਸ ਵਕਤ ਦੇ ਨੇਤਾ ਫ਼ੌਜ ਨੂੰ ਬੋਝ ਸਮਝਦੇ ਸਨ।
ਫ਼ੌਜ ਦੀ ਨਮੋਸ਼ੀ ਭਰੀ ਹਾਰ ਦੇ ਕੁਝ ਕਾਰਨ ਇਸ ਤਰ੍ਹਾਂ ਸਨ: ਦੇਸ਼ ਦੇ ਨੇਤਾਵਾਂ ਦੀ ਅਣਦੇਖੀ, ਫ਼ੌਜ ਦੇ ਸਿਆਸੀਕਰਨ ਦੀ ਕੋਸ਼ਿਸ਼, ਨਾ-ਕਾਬਿਲ ਅਫ਼ਸਰਾਂ ਦੀਆਂ ਤਰੱਕੀਆਂ ਅਤੇ ਨਿਯੁਕਤੀਆਂ, ਨਾ ਹਥਿਆਰ, ਨਾ ਗੋਲਾ-ਬਾਰੂਦ, ਨਾ ਯੋਗ ਕੱਪੜੇ ਤੇ ਹੋਰ ਸਾਜ਼ੋ-ਸਮਾਨ ਅਤ ਨਾ ਹੀ ਬਰਫ਼ਾਨੀ ਉਚਾਈ ਵਾਲੇ ਇਲਾਕਿਆਂ ਵਿੱਚ ਲੜਨ ਦੀ ਸੂਝ-ਬੂਝ।
ਪੂਰਬੀ ਹੱਦ ਨੀਫ਼ਾ ਅਤੇ ਪੱਛਮ ਵੱਲ ਲੱਦਾਖ਼ ਜੰਗ ਦੇ ਖੇਤਰ ਸਨ। ਪੂਰਬੀ ਖੇਤਰ ਵਿੱਚ ਅਸੀਂ ਬੁਰੀ ਤਰ੍ਹਾਂ ਹਾਰ ਗਏ, ਪਰ ਲੱਦਾਖ਼ ਦੇ ਹਾਲਾਤ ਵੱਖਰੇ ਸਨ। ਜਵਾਨ ਹਿੱਕਾਂ ਡਾਹ ਕੇ ਲੜੇ ਅਤੇ ਇਲਾਕੇ ਨੇ ਅਭੁੱਲ ਸ਼ਹਾਦਤਾਂ ਦਾ ਦੌਰ ਵੇਖਿਆ। ਇਨ੍ਹਾਂ ਵਿੱਚੋਂ ਇਕ ਹੈ ‘ਰੇਜ਼ਾਂਗ ਦੱਰੇ ਦੀ ਲੜਾਈ’ (ਬੈਟਲ ਆਫ਼ ਰੇਜ਼ਾਂਗ ਲਾ)।
ਰੇਜ਼ਾਂਗ ਦੱਰੇ ਦੀ ਜੰਗ
ਰੇਜ਼ਾਂਗ ਦੱਰੇ ਦੀ ਲੜਾਈ ਆਜ਼ਾਦ ਭਾਰਤ ਦੀ ਇੱਕ ਸਭ ਤੋਂ ਔਖੀ ਅਤੇ ਮਹਿੰਗੀ ਲੜਾਈ ਹੈ। ਇਸ ਨੂੰ ਆਜ਼ਾਦ ਭਾਰਤ ਦੀ ‘ਸਾਰਾਗੜ੍ਹੀ’ ਕਿਹਾ ਜਾ ਸਕਦਾ ਹੈ। ਸਾਰਾਗੜ੍ਹੀ ਦੀ ਲੜਾਈ 100 ਸਾਲ ਪਹਿਲਾਂ ਅਣਵੰਡੇ ਮੁਲਕ ਦੇ ਅੰਗਰੇਜ ਸ਼ਾਸ਼ਕਾਂ ਲਈ, ਆਪਣਿਆਂ ਦੇ ਹੀ ਖ਼ਿਲਾਫ਼ ਲੜੀ ਗਈ ਸੀ। ਰੇਜ਼ਾਂਗ ਦੱਰੇ ਵਿੱਚ 13 ਕੁਮਾਊਂ ਦੀ ਸੀ ਕੰਪਨੀ ਦੇ 110 ਤੋਂ ਵਧੇਰੇ ਅਫ਼ਸਰ, ਜੇ.ਸੀ.ਓ. ਅਤੇ ਜੁਆਨ ਮਾਰੇ ਗਏ ਸਨ। ਇਹ ਚਸ਼ੂਲ ਏਅਰ ਫੀਲਡ ਦੀ ਡਿਫੈਂਸ ਦਾ ਇੱਕ ਹਿੱਸਾ ਸੀ। ਏਅਰ ਫੀਲਡ ਦੇ ਲਾਗਲੀਆਂ ਪਹਾੜੀਆਂ ਦੇ ਮੱਘਰ ਹਿੱਲ, ਗੁਰੰਗ ਹਿੱਲ, ਅਤੇ ਲੁਕੁੰਗ ਆਦਿ ਹੁਣ ਫਿਰ ਚਰਚਾ ਵਿੱਚ ਹਨ।
ਜਦੋਂ ਚੀਨੀਆਂ ਨੇ 1962 ਵਿੱਚ ਅੱਖਾਂ ਵਿਖਾਉਣੀਆਂ ਸ਼ੁਰੂ ਕੀਤੀਆਂ ਤਾਂ ਫ਼ੌਜ ਅੱਗੇ ਵੱਲ ਖਿਸਕੀ। ਇਹ ਚਿੱਤ ਚੇਤੇ ਹੀ ਨਹੀਂ ਸੀ ਕਿ ਚੀਨ ਸਾਡੇ ’ਤੇ ਹਮਲਾ ਕਰੇਗਾ। ਸਾਡੇ ਕੋਲ ਸਾਧਨ ਨਹੀਂ ਸਨ। ਲੱਦਾਖ਼ ਦੀ ਸਰਦੀ ਉਡੀਕ ਰਹੀ ਸੀ। ਫੌਜਾਂ ਸਾਮਾਨ ਢੋ ਰਹੀਆਂ ਸਨ, ਟੁੱਟੀਆਂ ਫੁੱਟੀਆਂ ਛੋਟੀਆਂ ਗੱਡੀਆਂ ਤੇ ਖੱਚਰਾਂ ਨਾਲ ਅਤੇ ਅੱਗੋਂ ਸਿਰਾਂ ’ਤੇ। ਉਦੋਂ ਤੱਕ ਸ੍ਰੀਨਗਰ-ਲੇਹ ਸੜਕ ਕੱਚੀ ਪੱਕੀ ਸੜਕ ਸੀ। ਹਮਲਾ ਕਦੇ ਵੀ ਹੋ ਸਕਦਾ ਸੀ। ਚੀਨੀ ਰੇਡੀਓ ਰੋਜ਼ ਇਸ ਤਰ੍ਹਾਂ ਦੇ ਬਿਆਨ ਵੀ ਦੇ ਰਿਹਾ ਸੀ। ਚੁਸ਼ੂਲ ਬ੍ਰਿਗੇਡ ਦੇ ਕਮਾਂਡਰ, ਬ੍ਰਿਗੇਡੀਅਰ ਟੀ.ਐਨ. ਰੈਣਾ (ਮਗਰੋਂ ਜਰਨਲ ਅਤੇ ਸੈਨਾ ਮੁਖੀ) ਹਰ ਰੋਜ਼ ਸਵੇਰੇ ਹੋਣ ਵਾਲੀ ਸਟਾਫ ਬਰੀਫ਼ਿੰਗ ਵਿੱਚ ਇਹੀ ਕਹਿੰਦੇ ਸਨ, ‘‘ਸ਼ੁਕਰ ਹੈ ਰੱਬ ਨੇ ਸਾਨੂੰ, ਤਿਆਰੀ ਲਈ ਇੱਕ ਹੋਰ ਦਿਨ ਦਿੱਤਾ ਹੈ। ਹਮਲਾ ਅੱਜ ਵੀ ਹੋ ਸਕਦਾ ਹੈ।’’
ਲੱਦਾਖ਼ ਵਿੱਚ ਡਿਫੈਂਸ ਤਿਆਰ ਕਰਨੀ ਖਾਲਾ ਜੀ ਦਾ ਵਾੜਾ ਨਹੀਂ ਤੇ ਉਹ ਵੀ 1962 ਦੇ ਹਾਲਾਤ ਵਿੱਚ। ਉੱਥੇ ਸਰਦੀ ਵਿੱਚ ਮਿੱਟੀ ਵੀ ਪੱਥਰ ਬਣ ਜਾਂਦੀ ਹੈ। ਗੈਂਤੀ ਮਾਰੀਏ ਤਾਂ ਪੁੱਠੀ ਸਿਰ ਨੂੰ ਆਉਂਦੀ ਹੈ। ਪਰ ਜਵਾਨ ਲੱਗੇ ਰਹੇ। ਸਭ ਨੂੰ ਪਤਾ ਸੀ ਕਿ ਹਾਲਤ ਪਤਲੀ ਅਤੇ ਖ਼ਰਾਬ ਹੈ, ਪਰ ਜੋਸ਼ ਖਿੱਚੀ ਜਾ ਰਿਹਾ ਸੀ।
ਰੇਜ਼ਾਂਗ ਲਾ, ਚਸ਼ੂਲ ਬ੍ਰਿਗੇਡ ਡਿਫੈਂਸ ਦੀ ਫਾਰਵਰਡ ਪੁਜ਼ੀਸ਼ਨ ਸੀ। ਇਸ ਬ੍ਰਿਗੇਡ ਦੀਆਂ ਹੋਰ ਪੁਜ਼ੀਸ਼ਨਾਂ ਇਸ ਤਰ੍ਹਾਂ ਸਨ: 1/8 ਗੋਰਖ਼ਾ ਰਾਈਫ਼ਲਜ਼, ਸਪੈਂਗੂਰ ਗੈਪ ਅਤੇ ਗੁਰੰਗ ਹਿੱਲ, 13 ਕੁਮਾਊਂ ਸੀ ਕੰਪਨੀ ਮੇਜਰ ਸ਼ੈਤਾਨ ਸਿੰਘ ਦੀ ਕਮਾਂਡ ਹੇਠ ਰੇਜ਼ਾਂਗ ਲਾ ’ਤੇ, ਦੋ ਕੰਪਨੀਆਂ ਮੱਘਰ ਹਿੱਲ, ਬਾਕੀ ਪਲਟਨ ਚਸ਼ੂਲ ਏਅਰ ਫੀਲਡ ਦੇ ਇਲਾਕੇ ਵਿੱਚ। ਫਸਟ ਜਾਟ ਏਅਰ ਫੀਲਡ ਦੇ ਪਿਛਲੇ ਹਿੱਸੇ ਵਿੱਚ ਅਤੇ 5 ਜਾਟ ਸਕਾਲਾ ਤੇ ਲੁਕੰਗ ਵਿੱਚ। 20 ਲਾਂਸਰਜ਼ ਟੈਂਕ ਦੇ ਗੁਰੰਗ ਹਿੱਲ ਦੇ ਨੀਚੇ ਛੁਪਾਅ ਵਿੱਚ। ਇਹ ਟੈਂਕ ਚੰਡੀਗੜ੍ਹ ਤੋਂ ਬਹੁਤ ਹੀ ਮੁਸ਼ਕਲ ਨਾਲ ਲੋਡ ਕਰਕੇ, ਏ.ਐੱਨ.-12 ਜਹਾਜ਼ ਵਿੱਚ ਚਸ਼ੂਲ ਲਿਆਂਦੇ ਸਨ। ਤੋਪਖਾਨੇ ਦੀਆਂ ਕੁੱਲ 8 ਗੰਨਾਂ ਮੱਘਰ ਹਿੱਲ ਦੇ ਓਹਲੇ ਲਾਈਆਂ ਗਈਆਂ ਸਨ। ਬ੍ਰਿਗੇਡ ਹੈੱਡਕੁਆਰਟਰ ਅਤੇ ਹੋਰ ਨਿੱਕ-ਸੁੱਕ ਚਸ਼ੂਲ ਪਿੰਡ, ਏਅਰ ਫੀਲਡ ਅਤੇ ਹੋਰ ਇਲਾਕੇ ਬਚਾਉਣ ਲਈ ਸੀ। ਲੋੜ ਜਿੰਨੀ ਨਫ਼ਰੀ ਹੈ ਨਹੀਂ ਸੀ। ਵਕਤ ਹੱਥੋਂ ਖਿਸਕ ਰਿਹਾ ਸੀ।
ਫ਼ੌਜੀ ਸੋਚ ਵਿਚਾਰ ਮਗਰੋਂ ਡਿਫੈਂਸ, ਇੱਕ ਨੋਡਲ ਪੁਆਇੰਟ ’ਤੇ ਅਧਾਰਿਤ ਹੁੰਦੀ ਹੈ। ਕੁਝ ਇਲਾਕੇ ਮਰਨ ਤੱਕ ਰੱਖਣੇ ਹੁੰਦੇ ਹਨ, ਕੁਝ ਸਿਰਫ਼ ਦੁਸ਼ਮਣ ਨੂੰ ਦੇਰੀ ਕਰਵਾਉਣ ਲਈ ਅਤੇ ਕੁਝ ਦੁਸ਼ਮਣ ਬਾਰੇ ਅਗਾਊਂ ਸੂਚਨਾ ਲਈ, ਜਿਵੇਂ ਹਮਲੇ ਦੀ ਦਿਸ਼ਾ, ਕਿੰਨੀ ਕੁ ਗਿਣਤੀ ਆਦਿ। ਇਸ ਕੰਮ ਲਈ ਓ.ਪੀ. ਪੋਸਟਾਂ ਅਤੇ ਰਾਤ ਵੇਲੇ ਲਿਸਨਿੰਗ ਪੋਸਟਾਂ ਲਾਈਆਂ ਜਾਂਦੀਆਂ ਹਨ। ਇਨ੍ਹਾਂ ਦਾ ਕੰਮ ਸਿਰਫ਼ ਮਿੱਥੇ ਹੋਏ ਸਿਗਨਲਜ਼ ਰਾਹੀਂ ਪਿੱਛੇ ਸੂਚਿਤ ਕਰਨਾ ਅਤੇ ਫਿਰ ਪਿੱਛੇ ਹਟ ਕੇ ਮੇਨ ਡਿਫੈਂਸ ’ਚ ਨਿਰਧਾਰਤ ਜਗ੍ਹਾ ਮੋਰਚਾ ਸੰਭਾਲਣਾ ਹੁੰਦਾ ਹੈ।
ਰੇਜ਼ਾਂਗ ਲਾ ਦੀ 16,280 ਫੁੱਟ ਦੀ ਉਚਾਈ ’ਤੇ ਬੰਜਰ ਜ਼ਮੀਨ ਵਿੱਚ ਚੱਟਾਨਾਂ ਅਤੇ ਪੱਥਰ। ਤਾਪਮਾਨ ਮਨਫ਼ੀ
24 ਡਿਗਰੀ। ਸਿਰਫ਼ ਕੰਡਿਆਲੀ ਤਾਰ। ਨਾ ਕੋਈ ਕੰਧ, ਨਾ ਕਿਲ੍ਹਾ। ਨਾ ਕੋਈ ਕੰਮ ਦਾ ਬੰਕਰ। ਸਿਰਫ਼ ਸੰਘਰ (ਪੱਥਰ ਇਕੱਠੇ ਕਰਕੇ ਬਣਾਏ ਮੋਰਚੇ), ਬੰਕਰਾਂ ’ਤੇ ਮਹਿਜ਼ ਟੀਨ ਦੀਆਂ ਚਾਦਰਾਂ। ਤੋਪਖਾਨੇ ਦੀ ਮੱਦਦ ਜ਼ੀਰੋ। ਹਾਲਤ ਮਾੜੀ ਸੀ।
ਰੇਜ਼ਾਂਗ ਲਾ ਮੇਨ ਡਿਫੈਂਸ ਅਤੇ ਡੀਲੇਇੰਗ (ਲੇਟ ਕਰਨ ਵਾਲੀ) ਪੁਜ਼ੀਸ਼ਨ ਦਾ ਮਿਲਗੋਭਾ ਸੀ। ਇਸ ਦਾ ਕੰਮ ਦੁਸ਼ਮਣ ਨੂੰ ਦੇਰੀ ਕਰਵਾਉਣਾ ਅਤੇ ਮੁੜ ਚਸ਼ੂਲ ਡਿਫੈਂਸ ਦਾ ਹਿੱਸਾ ਬਣਨਾ ਸੀ। ਦੁਸ਼ਮਣ ਹਰ ਹਮਲਾ ਬਹੁਤ ਭਾਰੀ ਤਾਦਾਦ (ਦਸ ਇੱਕ ਦੇ ਅਨੁਪਾਤ) ਵਿੱਚ ਕਰਦਾ ਸੀ। ਜਾਨੀ ਨੁਕਸਾਨ ਤਾਂ ਉਹ ਗਿਣਦਾ ਹੀ ਨਹੀਂ ਸੀ।
ਚੀਨੀ ਹਮਲੇ ਬਾਰੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਸੀ ਕੰਪਨੀ 13 ਕੁਮਾਊਂ ਦੀ ਡਿਫੈਂਸ ਅਤੇ ਇਸ ਵਿੱਚ ਗੱਭਰੂ ਅਹੀਰਾਂ ’ਤੇ ਝਾਤ ਮਾਰੀਏ। ਇਹ ਫੀਲਡ ਸਾਢੇ ਤਿੰਨ ਕਿਲੋਮੀਟਰ ਲੰਬਾ ਹੈ। ਇਸ ਦੇ ਇੱਕ ਸਿਰੇ ’ਤੇ ਪੁਆਇੰਟ 18300 ਫੁੱਟ, ਨੀਵਾਂ ਪਾਸਾ 17100 ਅਤੇ ਵਿਚਕਾਰ ਰੇਜ਼ਾਂਗ ਲਾ 16280 ਫੁੱਟ ਦੀ ਉਚਾਈ ’ਤੇ। ਇਸ ਦੀਆਂ ਤਿੰਨ ਪਲਟੂਨਾਂ 7, 8 ਅਤੇ 9 ਦੇ ਕਮਾਂਡਰ ਜਮਾਂਦਾਰ (ਅੱਜ ਦਾ ਨਾਇਬ ਸੂਬੇਦਾਰ) ਸੁਰਜਾ, ਜਮਾਂਦਾਰ ਹਰੀ ਰਾਮ ਅਤੇ ਜਮਾਂਦਾਰ ਰਾਮ ਚੰਦਰ ਸਨ। ਮੇਜਰ ਸ਼ੈਤਾਨ ਸਿੰਘ, ਉਮਰ 39 ਸਾਲ, ਸਰਵਿਸ 13 ਸਾਲ, ਜੋਧਪੁਰ ਦੇ ਇਲਾਕੇ ਦਾ ਸਿਦਕੀ, ਸਿਰੜੀ ਅਤੇ ਹਿੰਮਤ ਅਫ਼ਸਰ ਕੰਪਨੀ ਕਮਾਂਡਰ ਸੀ। ਇਸ ਕੰਪਨੀ ਵਿੱਚ ਸਾਰੇ ਜੇ.ਸੀ.ਓ. ਅਤੇ ਜਵਾਨ ਅਹੀਰ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਪ੍ਰਾਂਤ ਦੇ ਰਿਵਾੜੀ, ਮਹਿੰਦਰਗੜ੍ਹ, ਨਾਰਨੌਲ ਦੇ ਵਸਨੀਕ ਸਨ।
ਮਜਬੂਰੀਵੱਸ ਇਹ ਪਲਟਣਾਂ ਸਿਖਲਾਈ ਦੇ ਉਲਟ ਇੱਕ ਲਾਈਨ ਵਿੱਚ ਲਾਈਆਂ ਗਈਆਂ ਸਨ। 8 ਅਤੇ 9 ਪਲਟੂਨ ਦੇ ਪਿੱਛੇ ਕੰਪਨੀ ਹੈੱਡਕੁਆਰਟਰ ਅਤੇ ਉਸ ਦੇ ਪਿੱਛੇ ਤਿੰਨ ਇੰਚ ਮਾਰਟਰ ਦਾ ਸੈਕਸ਼ਨ, ਹੌਲਦਾਰ ਜੈ ਨਰਾਇਣ ਦੀ ਕਮਾਂਡ ਹੇਠ। ਇਸ ਕੋਲ 650 ਹਾਈ ਐਕਸਪਲੋਸਿਵ ਬੰਬ ਅਤੇ 60 ਧੂੰਆਂ ਕਰਨ ਵਾਲੇ ਬੰਬ ਸਨ। ਸਿਰਫ਼ ਇੱਕ ਪਲਟਣ ਨੂੰ ਪੁਰਾਣੀ ਪੁਲੀਸ ਪੋਸਟ ਦੇ ਬੰਕਰ ਮਿਲੇ। ਕੰਪਨੀ ਉੱਕਾ ਹੀ ਅਲੱਗ-ਥਲੱਗ ਸੀ। ਕਿਸੇ ਵੀ ਨੇੜਲੀ ਡਿਫੈਂਸ ਤੋਂ ਇਸ ਨੂੰ ਮਦਦ ਨਹੀਂ ਮਿਲ ਸਕਦੀ ਸੀ। ਇਸ ਦੀ ਮਦਦ ਲਈ ਸਿਰਫ਼ ਇੱਕ ਸੈਕਸ਼ਨ ਤਿੰਨ ਇੰਚ ਮਾਰਟਰ ਸੀ। ਤੋਪਖਾਨਾ ਅਤੇ ਹਵਾਈ ਮਦਦ ਕੋਈ ਨਹੀਂ।
ਤਿੰਨੇ ਪਲਟਣਾਂ ਰਾਤ ਸਮੇਂ ਆਪੋ ਆਪਣੇ ਸਾਹਮਣੇ ਤਿੰਨ-ਚਾਰ ਜਵਾਨਾਂ ’ਤੇ ਆਧਾਰਿਤ ਐੱਲਪੀਜ਼ ਭੇਜਦੀਆਂ ਸਨ। ਪਰ ਇਹ ਉਲਝ ਗਈਆਂ। ਮੇਜਰ ਸ਼ੈਤਾਨ ਸਿੰਘ ਨੇ ਇਨ੍ਹਾਂ ਵਿੱਚ ਰੂਹ ਹੀ ਐਸੀ ਫੂਕੀ ਹੋਈ ਸੀ। ਇੱਕ ਰਾਮ ਸਿੰਘ ਨੂੰ ਛੱਡ ਕੇ ਸਾਰੇ ਹੀ ਮਾਰੇ ਗਏ। ਇਸ ਦੀ ਕਹਾਣੀ ਅੱਗੇ ਪੜ੍ਹਾਂਗੇ।
ਉਸ ਸਾਲ ਬਰਫ਼ਬਾਰੀ ਅਗੇਤੀ ਸ਼ੁਰੂ ਹੋ ਗਈ ਸੀ। ਯਖ਼ ਬਰਫ਼ਾਨੀ ਹਵਾਵਾਂ ਤਾਂ ਉੱਥੇ ਜਾ ਕੇ, ਰਹਿ ਕੇ ਹੀ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਮਿੱਟੀ ਦੇ ਤੇਲ ਵਾਲੇ ਸਟੋਵ, ਬਰਨਰ ਅਤੇ ਪਰੈਸ਼ਰ ਕੁੱਕਰ ਨਹੀਂ ਆਏ ਸਨ। ਬਰਨਰ ਅਤੇ ਤੇਲ ਸਪਲਾਈ ਘੱਟ ਸੀ। ਉਨ੍ਹਾਂ ਉਚਾਈਆਂ ’ਤੇ ਪ੍ਰੈਸ਼ਰ ਕੁੱਕਰ ਤੋਂ ਬਿਨਾਂ ਖਾਣਾ ਪਕਾਇਆ ਹੀ ਨਹੀਂ ਜਾ ਸਕਦਾ।
ਪਤਾ ਨਹੀਂ ਕਿਉਂ ਕੰਪਨੀ ਕਮਾਂਡਰ ਦਾ ਮੱਥਾ ਠਣਕਿਆ। ਕੰਪਨੀ ਕਮਾਂਡਰ ਨੇ 16 ਨਵੰਬਰ ਨੂੰ ਸਾਰੇ ਜੁਆਨਾਂ ਤੋਂ ਘਰਾਂ ਲਈ ਖ਼ਤ ਲਿਖਵਾਏ ਅਤੇ ਅਗਲੇ ਦਿਨ ਪਿੱਛੇ ਡਾਕ ਲਈ ਭੇਜ ਦਿੱਤੇ। ਸ਼ਾਇਦ ਉਹ ਆਉਣ
ਵਾਲੀ ਹਕੀਕਤ ਨੂੰ ਭਾਂਪ ਗਿਆ ਸੀ। ਸੀ.ਓ. ਲੈਫ਼ਟੀਨੈਂਟ ਕਰਨਲ ਹਰੀ ਸਿੰਘ ਧੀਂਗੜਾ ਅਤੇ ਸੂਬੇਦਾਰ ਮੇਜਰ ਚੰਦਗੀ ਰਾਮ ਤਿਆਰੀ ਦੌਰਾਨ ਗੇੜਾ ਮਾਰਦੇ ਹੀ ਰਹਿੰਦੇ ਸਨ। ਸੀ.ਓ. ਨੇ ਮੇਜਰ ਸ਼ੈਤਾਨ ਨੂੰ ਕਿਹਾ, ‘‘ਤੇਰੀ ਕੰਪਨੀ ਸਿਰਫ਼ ਰੱਬ ਆਸਰੇ ਹੈ। ਪੁਆਇੰਟ 18300 ਕਿਸੇ ਵੀ ਹਾਲਤ ’ਚ ਚੀਨੀਆਂ ਹੱਥ ਨਹੀਂ ਜਾਣਾ ਚਾਹੀਦਾ।’’ ਅਜਿਹੇ ਇੱਕ ਗੇੜੇ ਵੇਲੇ ਸੀ.ਓ. ਨੇ ਜਵਾਨਾਂ ਨਾਲ ਚਾਹ ਪੀਂਦੇ, ਹੱਸਦੇ ਹੋਏ, ਹੱਥ ਵਾਲੀ ਸੋਟੀ ਉਲਾਰ ਕੇ ਕਿਹਾ, ‘‘ਜੇ ਕਿਸੇ ਜਗ੍ਹਾ ਛੱਡੀ ਤਾਂ ਚੀਨੀਆਂ ਤੋਂ ਭਾਵੇਂ ਬਚ ਜਾਏ, ਮੇਰੀ ਸੋਟੀ ਤੋਂ ਨਹੀਂ ਬਚੇਗਾ।’’ ਇਸ ’ਤੇ ਹੱਸਦੇ ਹੋਏ ਜੁਆਨਾਂ ਜੁਆਬ ਦਿੱਤਾ, ‘‘ਇਹ ਖ਼ੁਸ਼ੀ ਦਾ ਮੌਕਾ ਤੁਹਾਨੂੰ ਨਹੀਂ ਮਿਲੇਗਾ ਸਾਬ੍ਹ।’’ ਅਤੇ ਮਹਿਜ਼ ਤਿੰਨ ਦਿਨ ਮਗਰੋਂ ਜੋ ਕਿਹਾ ਸੋ ਕਰ ਵਿਖਾਇਆ।
ਕੰਪਨੀ ਹੈੱਡਕੁਆਰਟਰਜ਼ ਵਿੱਚ ਮੇਜਰ ਨੂੰ ਛੱਡ ਕੇ ਉਸ ਦਾ ਕੰਪਨੀ ਹੌਲਦਾਰ ਮੇਜਰ ਹਰਫੂਲ ਸਿੰਘ, ਬੈਟਮੈਨ-ਕਮ-ਰੇਡੀਉ ਓਪਰੇਟਰ ਸਿਪਾਹੀ ਰਾਮ ਚੰਦਰ, ਸਿਪਾਹੀ ਮਹਿੰਦਰ ਸਿੰਘ 31 ਲਿੰਕ ’ਤੇ ਪਿੱਛੇ ਰਾਬਤੇ ਲਈ ਸਨ। ਇਨ੍ਹਾਂ ਤੋਂ ਇਲਾਵਾ ਪੇ-ਨਾਇਕ ਭਾਈ ਰਾਮ, ਇੱਕ ਲਾਂਗਰੀ, ਇੱਕ ਸਵੀਪਰ ਅਤੇ ਇੱਕ ਨਾਈ ਸਨ। 17 ਨਵੰਬਰ ਆਮ ਦਿਨਾਂ ਵਾਂਗ ਲੰਘ ਗਿਆ। ਐੱਲਪੀ ਜਲਦੀ ਖਾਣਾ ਖਾ ਕੇ ਲਾਸਟ ਲਾਈਟ ’ਤੇ ਅੱਗੇ ਚਲੀਆਂ ਗਈਆਂ। ਸ਼ਾਮ 6 ਵਜੇ ਤੱਕ ਸਭ ਠੀਕ ਠਾਕ ਸੀ। ਰਾਤ 10 ਵਜੇ ਤੇਜ਼ ਰਫ਼ਤਾਰ ਹਵਾਵਾਂ ਅਤੇ ਭਾਰੀ ਬਰਫ਼ ਦੇ ਦੋ ਘੰਟਿਆਂ ਨੇ ਸਭ ਨੂੰ ਭੰਨ ਦਿੱਤਾ। ਅੱਧੀ ਰਾਤ ਮਗਰੋਂ ਤੂਫ਼ਾਨ ਸ਼ਾਂਤ ਹੋਇਆ। ਚੰਨ ਅੱਧਾ ਕੁ ਨਿਕਲ ਰਿਹਾ ਸੀ। ਬਰਫ਼ ਪੈਣ ਕਰਕੇ 500-600 ਗਜ਼ ਤੱਕ ਦੇਖਿਆ ਜਾ ਸਕਦਾ ਸੀ।
ਜੰਗ ਦਾ ਬਿਗ਼ਲ ਵੱਜਿਆ
18 ਨਵੰਬਰ 1962 ਦਾ ਪਹਿਲਾ ਪਹਿਰ, 2 ਵਜੇ ਕਹਿਰ ਲੈ ਕੇ ਚੜ੍ਹ ਚੁੱਕਾ ਸੀ। ਪਲਟਣ ਦੀ ਐੱਲਪੀ ਨੇ ਬਹੁਤ ਸਾਰੇ ਚੀਨੀ ਵੇਖੇ। ਇੰਤਜ਼ਾਰ ਕੀਤਾ ਤਾਂ ਕਿ ਦੁਸ਼ਮਣ ਦੇ ਇਰਾਦੇ ਦਾ ਪਤਾ ਲੱਗ ਸਕੇ। ਦੁਸ਼ਮਣ ਰੇੇਜ਼ਾਂਗ ਲਾ ਵੱਲ ਮੁੜ ਪਿਆ। ਐੱਲਪੀ ਨੇ ਪੌਣੇ ਤਿੰਨ ਵਜੇ ਲਾਲ ਰੰਗ ਦੀ ਬਹੁਤ ਹਲਕੀ ਗੋਲੀਬਾਰੀ ਕਰਕੇ ਪਿੱਛੇ ਦੱਸਿਆ ਕਿ ਦੁਸ਼ਮਣ ਭਾਰੀ ਗਿਣਤੀ ਵਿੱਚ ਆ ਰਿਹਾ ਹੈ। ਚਾਰ ਵਜੇ ਤੱਕ ਕੁਝ ਪਤਾ ਨਾ ਲੱਗਿਆ। ਸ਼ਾਇਦ ਦੁਸ਼ਮਣ ਕਈ ਥਾਵਾਂ ਤੋਂ ਹੋ ਕੇ ਅੱਗੇ ਵਧਣ ਦਾ ਤਰੀਕਾ ਵਰਤ ਰਿਹਾ ਸੀ। ਪਲਟਣਾਂ ਨੇ ਆਪਣੇ ਅੱਗੇ ਛੋਟੀਆਂ ਰੈਕੀ ਪਟਰੋਲਾਂ ਭੇਜੀਆਂ। ਬਾਕੀ ਕੰਪਨੀ ਮੋਰਚੇ ਸੰਭਾਲੀ, ਜ਼ੀਰੋ ਤੋਂ ਵੀ ਘੱਟ ਤਾਪਮਾਨ ਵਿੱਚ ਮੋਰਚਿਆਂ ਵਿੱਚ ‘ਸਟੈਂਡ ਟੂ’ ਤਿਆਰ ਖੜ੍ਹੀ ਰਹੀ। ਉਸ ਰਾਤ ਤਾਪਮਾਨ ਮਨਫ਼ੀ 24 ਡਿਗਰੀ ਸੀ।
ਠੀਕ 4 ਵੱਜ ਕੇ 35 ਮਿੰਟ ’ਤੇ ਸਵੇਰ ਦੀ ਸ਼ਾਂਤੀ ਅਤੇ ਜੁਆਨਾਂ ਦੀ ਜਕੋਤੱਕੀ ਦਾ ਭੁਲੇਖਾ ਦੁਸ਼ਮਣ ਦੀ ਬੰਬਾਰੀ ਨੇ ਵਗ੍ਹਾ ਕੇ ਮਾਰਿਆ। ਇਹ ਕੋਈ ਵੀਹ ਮਿੰਟ ਚੱਲੀ। ਸਾਡਾ ਇੱਕ ਤਿੰਨ ਇੰਚ ਮਾਰਟਰ ਡਾਇਰੈਕਟ ਹਿੱਟ ਨਾਲ ਨਕਾਰਾ ਹੋ ਗਿਆ ਅਤੇ ਪੂਰੀ ਡਿਟੈਂਚਮੈਂਟ ਮਾਰੀ ਗਈ। ਫਿਰ ਕੀ ਸੀ… ਘਮਸਾਣ ਦੀ ਲੜਾਈ। ਇੱਕ ਐੱਲਪੀ ਨੇ ਚੀਨੀ ਤਕਰੀਬਨ ਇੱਕ ਘੰਟਾ ਰੋਕੀ ਰੱਖੇ। ਬਹੁਤ ਚੀਨੀ ਮਾਰੇ ਗਏ। ਇੱਕ ਮੌਕੇ ਸਿਪਾਹੀ ਭਰਤ ਸਿੰਘ ਨੇ ਲਾਂਸ ਨਾਇਕ ਹੁਕਮ ਸਿੰਘ (ਕਮਾਂਡਰ) ਨੂੰ ਰਾਇ ਦਿੱਤੀ ਕਿ ਆਪਾਂ ਕੰਮ ਕਰ ਲਿਆ ਹੈ, ਹੁਣ ਪੱਕਾ ਮੋਰਚਾ ਸੰਭਾਲੀਏ। ਹੁਕਮ ਸਿੰਘ ਦਾ ਜੁਆਬ ਸੀ, ‘‘ਜਿੰਨੀ ਦੇਰ ਤੱਕ ਦੁਸ਼ਮਣ ਨੂੰ ਰੋਕਾਂਗੇ, ਅਤੇ ਮਾਰਾਂਗੇ, ਓਨਾ ਹੀ ਮੌਕਾ ਕੰਪਨੀ ਨੂੰ ਕਾਮਯਾਬੀ ਦਾ ਮਿਲੇਗਾ।’’ ਤਿੰਨੇ ਡਟੇ ਰਹੇ। ਦੁਸ਼ਮਣ ਨੇ ਇਨ੍ਹਾਂ ’ਤੇ ਤੋਪਖਾਨਾ ਖੋਲ੍ਹ ਦਿੱਤਾ। ਹੁਕਮ ਸਿੰਘ ਮੌਕੇ ’ਤੇ ਮਾਰਿਆ ਗਿਆ। ਰਾਮ ਸਿੰਘ ਨੇ ਹਲਕੀ ਮਸ਼ੀਨ ਗੰਨ ਸੰਭਾਲ ਲਈ। ਫਿਰ ਭਰਤ ਸਿੰਘ ਮਾਰਿਆ ਗਿਆ, ਪਰ ਰਾਮ ਸਿੰਘ ਲੱਗਿਆ ਰਿਹਾ। ਗੋਲਾ ਵੱਜਿਆ ਅਤੇ ਦੋਵੇਂ ਲੱਤਾਂ ਉੱਡ ਗਈਆਂ। ਬੇਹੋਸ਼ ਹੋ ਗਿਆ। ਕੈਦੀ ਬਣਾ ਕੇ ਚੀਨੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਅਤੇ ਕੈਦੀਆਂ ਦੇ ਵਟਾਂਦਰੇ ਵੇਲੇ, ਸਟਰੈਚਰ ’ਤੇ ਮੁੜਿਆ। ਬਾਕੀ ਦੋ ਐੱਲਪੀ ਦੀ ਕਹਾਣੀ ਵੀ ਮਿਲਦੀ ਜੁਲਦੀ ਹੈ।
ਚੀਨੀ ਐੱਲਪੀ ਨੂੰ ਖ਼ਤਮ ਕਰਕੇ 7-8 ਪਲਟਣ ਵੱਲ ਚੱਲ ਪਏ। ਸਿੱਧਾ ਹਮਲਾ। ਅਹੀਰ ਵੀਰ ਸੈਨਿਕਾਂ ਨੇ ਆਹੂ ਲਾਹ ਦਿੱਤੇ। ਦੁਸ਼ਮਣ ਸਮਝ ਗਿਆ ਕਿ ਕੰਮ ਐਡਾ ਸੌਖਾ ਨਹੀਂ। ਉਸ ਨੇ ਤੀਜੇ ਪੂਰ ਦਾ ਰੁਖ਼ ਬਦਲ ਦਿੱਤਾ ਅਤੇ ਪਿੱਛੋਂ ਦੀ ਹਮਲਾ ਕੀਤਾ। ਪਲਟਣ ਤਿੰਨ ਪਾਸੇ ਤੋਂ ਘਿਰ ਗਈ। ਇਸ ਨਾਲ ਹੀ ਤੋਪਖਾਨੇ ਦਾ ਬਹੁਤ ਭਾਰੀ ਫਾਇਰ ਆਇਆ।
ਜਮਾਂਦਾਰ ਸੁਰਜਾ ਦੀ ਪਲਟਣ ’ਤੇ ਲਗਭਗ 400 ਚੀਨੀ ਹਮਲੇ ਲਈ ਆਏ। ਪਹਿਲੇ ਪੂਰ ਵਿੱਚ ਕੋਈ 150 ਦੇ ਕਰੀਬ ਸਨ। ਸਾਡੇ ਫ਼ੌਜੀਆਂ ਨੇ ਉਨ੍ਹਾਂ ਦਾ ਬੁਰਾ ਹਾਲ ਕਰ ਦਿੱਤਾ। ਹੋਰ ਚੀਨੀ ਆਏ। ਗਲ ਹੱਥੋਪਾਈ ’ਤੇ ਆ ਗਈ। ਦੋ ਚੀਨੀਆਂ ਨੇ ਹਲਕੀ ਮਸ਼ੀਨ ਗੰਨ ’ਤੇ ਹਮਲਾ ਕੀਤਾ, ਪਰ ਮਾਰ ਮੁਕਾ ਦਿੱਤੇ। ਇੱਕ ਤਕੜੇ ਜੁੱਸੇ ਵਾਲੇ ਅਹੀਰ ਨੇ ਚੀਨੀ ਨੂੰ ਦਾਰਾ ਸਿੰਘ ਵਾਂਗ ਚੁੱਕ ਕੇ ਖੱਡ ਵਿੱਚ ਮਰਨ ਲਈ ਵਗ੍ਹਾ ਕੇ ਮਾਰਿਆ। ਜਮਾਂਦਾਰ ਸੁਰਜਾ ਦੇ ਸਪਲਿੰਟਰ ਸਿਰ ਵੱਜਾ। ਉਸਨੇ ਕਿਹਾ, ‘‘ਲੜਦੇ ਰਹੋ, 13 ਕੁਮਾਊਂ ਦਾ ਨਾਮ ਉੱਚਾ ਰੱਖੋ’’ ਅਤੇ ਆਖ਼ਰੀ ਸਾਹ ਲਿਆ। ਇਸ ਪਲਟਣ ਦੇ ਬਹਾਦਰਾਂ ਦੀ ਦਾਦ ਚੀਨੀਆਂ ਵੀ ਦਿੱਤੀ। ਇੱਕ ਪੁਰਾਣੀ ਰਵਾਇਤ ਅਨੁਸਾਰ ਉਨ੍ਹਾਂ ਬਹਾਦਰਾਂ ’ਚੋਂ ਬਹਾਦਰਾਂ ਨੂੰ ਕੰਬਲ ਨਾਲ ਢੱਕ ਕੇ ਸ਼ਹੀਦ ਦੇ ਬਿਨਟ (ਸੰਗੀਨ) ਨੂੰ ਨਾਲ ਹੀ ਗੱਡ ਦਿੱਤਾ। ਮਗਰੋਂ ਲਾਸ਼ਾਂ ਲੈਣ ਵੇਲੇ ਅਜਿਹੇ ਨੌਂ ਬਿਨਟ ਗੱਡੇ ਹੋਏ ਮਿਲੇ। ਇਹ ਇੱਕ ਪ੍ਰਥਾ ਹੈ। 7 ਪਲਟਣ ਵਾਂਗ ਹੀ ਸੂਬੇਦਾਰ ਹਰੀ ਰਾਮ ਦੀ ਪਲਟਣ ਵਿਚ ਹੋਇਆ। ਹੱਥੋਪਾਈ, ਗੁੱਥਮ-ਗੁੱਥਾ ਅਤੇ ਸੰਗੀਨਾਂ। ਸਭ ਤੋਂ ਵੱਧ ਮੁਕਾਬਲਾ ਤਿੰਨ ਨੰਬਰ ਸੈਕਸ਼ਨ ’ਚ ਹੋਇਆ। ਲਾਂਸ ਨਾਇਕ ਚੰਦਗੀ ਰਾਮ ਨੇ 6 ਹਮਲੇ ਪਛਾੜੇ। ਅੰਤ ਮੁੱਕ ਗਿਆ। ਫਿਰ ਆਈ ਤੀਜੀ ਪਲਟਣ। ਦੁਸ਼ਮਣ ਨੇ ਘੇਰ ਕੇ ਪਲਟਣ ਖ਼ਤਮ ਕਰ ਦਿੱਤੀ। ਮਾਰਟਰ ਲਗਾਤਾਰ ਗੋਲੇ ਵਰ੍ਹਾ ਰਿਹਾ ਸੀ। ਇੱਕ ਟੀਮ ਪਹਿਲਾਂ ਹੀ ਸ਼ਹੀਦ ਹੋ ਚੁੱਕੀ ਸੀ। 650 ਬੰਬਾਂ ’ਚੋਂ ਕੋਈ ਨਹੀਂ ਬਚਿਆ। ਮਾਰਟਰ ਸੈਕਸ਼ਨ ਕਮਾਂਡਰ ਦੇ ਸਾਥੀ ਮਾਰੇ ਗਏ, ਖ਼ੁਦ ਜ਼ਖ਼ਮੀ ਹੋ ਕੇ ਬੇਹੋਸ਼ ਹੋ ਗਿਆ। ਚੀਨੀ ਉਸ ਨੂੰ ਮਰਿਆ ਸਮਝ ਕੇ ਛੱਡ ਗਏ। ਉਸ ਨੂੰ ਹੋਸ਼ ਆਈ ਤਾਂ ਹਨੇਰੇ ਦਾ ਫ਼ਾਇਦਾ ਉਠਾ ਕੇ ਖਿਸਕ ਲਿਆ ਅਤੇ ਅਗਲੀ ਸਵੇਰ ਚਸ਼ੂਲ ਪੁੱਜ ਗਿਆ।
ਮੇਜਰ ਸ਼ੈਤਾਨ ਸਿੰਘ ਦੀ ਸ਼ਹਾਦਤ:
ਇਸ ਘਮਸਾਣ ਦੀ ਲੜਾਈ ਵਿੱਚ ਮੇਜਰ ਸ਼ੈਤਾਨ ਸਿੰਘ ਜ਼ਖ਼ਮੀ ਹੋ ਗਿਆ। 9 ਪਲਟਣ ਵਿੱਚ ਕੁਝ ਹੀ ਬਚੇ ਸਨ। ਉਨ੍ਹਾਂ ਦਾ ਵੀ ਥੋੜ੍ਹਾ ਵਕਤ ਹੀ ਰਹਿੰਦਾ ਸੀ। ਮੇਜਰ ਬਚੇ ਜੁਆਨ ਇਕੱਠੇ ਕਰਕੇ ਹੌਸਲਾ ਵਧਾਉਣ ਅੱਗੇ ਵਧਿਆ ਤਾਂ ਇੱਕ ਬਰੱਸਟ ਫ਼ਾਇਰ ਉਸ ਦੀ ਖੱਬੀ ਵੱਖੀ ਵਿੱਚ ਲੱਗ ਕੇ ਸੱਜੇ ਪਾਸੇ ਮੋਰਾ ਕਰਕੇ ਨਿਕਲ ਗਿਆ। ਉਸ ਦੇ 4 ਸਾਥੀਆਂ ਵਿੱਚੋਂ 2 ਹੋਰ ਮਾਰੇ ਗਏ। ਬਾਕੀਆਂ ਦੋਹਾਂ ਨੇ ਉਸ ਨੂੰ ਘਸੀਟ ਕੇ ਇੱਕ ਪੱਥਰ ਓਹਲੇ ਕੀਤਾ। ਉਸ ਦੀਆਂ ਲੱਤਾਂ ਜੁਆਬ ਦੇ ਚੁੱਕੀਆਂ ਸਨ। ਜੀਵਨ ਜੋਤ ਦੀਵੇ ਦੀ ਤਰ੍ਹਾਂ ਬੁਝ ਰਹੀ ਸੀ। ਸੀਐੱਚਐੱਮ ਹਰਫੂਲ ਨੇ ਮੇਜਰ ਦੇ ਬੈਟਮੈਨ ਨੂੰ ਪਿੱਛੇ ਜਾ ਕੇ ਸਟਰੈਚਰ ਲਿਆਉਣ ਲਈ ਕਿਹਾ। ਉਹ ਪਿੱਛੇ ਜਾਣ ਹੀ ਲੱਗਾ ਸੀ ਤਾਂ ਥੋੜ੍ਹੀ ਦੇਰ ਲਈ ਆਈ ਹੋਸ਼ ਵਿੱਚ ਮੇਜਰ ਨੇ ਕਿਹਾ, ‘‘ਜਾ ਕੇ, ਸੀ.ਓ. ਨੂੰ ਦੱਸਿਓ ਕਿ ਕੰਪਨੀ ਕਿੰਨੀ ਬਹਾਦਰੀ ਨਾਲ ਲੜੀ ਹੈ।’’ ਰਾਤ ਨੂੰ ਉਹ ਬੱਬਰ ਸ਼ੇਰ ਅੰਬਰਾਂ ਦਾ ਤਾਰਾ ਬਣ ਗਿਆ। ਰੇਜ਼ਾਂਗ ਲਾ ਦੀਆਂ ਬਰਫ਼ਾਨੀ ਚੋਟੀਆਂ ਚੁੱਪਚਾਪ ਇਸ ਨਾਬਰਾਬਰੀ ਦੇ ਮੈਚ ਨੂੰ ਵੇਖ ਰਹੀਆਂ ਸਨ। 116 ਵਿੱਚੋਂ 110 ਲੜਦੇ ਮਾਰੇ ਗਏ। 4 ਕੈਦੀ ਬਣਾ ਲਏ ਗਏ। ਜਿਨ੍ਹਾਂ ਵਿਚੋਂ ਦੋ ਬਚ ਕੇ ਨਿਕਲ ਆਏ। ਸਿਰਫ਼ 4 ਨਰਕ ਦੀ ਅੱਗ ’ਚੋਂ ਬਚ ਕੇ ਆਏ। ਚੀਨੀ ਵੀ ਸੁੱਕੇ ਨਹੀਂ ਨਿਕਲੇ। ਉਨ੍ਹਾਂ ਦੇ ਕੋਈ 500 ਜਵਾਨ ਮਾਰੇ ਗਏ (ਕੁਝ ਸਰੋਤਾਂ ਮੁਤਾਬਿਕ ਚੀਨ ਦੇ ਮਾਰੇ ਗਏ ਫ਼ੌਜੀਆਂ ਦੀ ਗਿਣਤੀ 1300 ਸੀ)। ਇਸ ਗੱਲ ਦੀ ਪੁਸ਼ਟੀ 23 ਨਵੰਬਰ 1962 ਨੂੰ ਰੇਡੀਓ ਪੀਕਿੰਗ ਨੇ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਉਨ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਰੇਜ਼ਾਂਗ ਲਾ ਵਿੱਚ ਹੋਇਆ ਹੈ।
ਫਰਵਰੀ 1963 ਵਿੱਚ ਸੰਯੁਕਤ ਰਾਸ਼ਟਰ ਦੇ ਨਿਗਰਾਨਾਂ ਦੀ ਦੇਖ-ਰੇਖ ਹੇਠ ਭਾਰਤੀ ਟੀਮ ਨੇ ਲਾਸ਼ਾਂ ਬਰਾਮਦ ਕੀਤੀਆਂ। ਸਾਰੇ ਦੇ ਸਾਰੇ ਸ਼ਹੀਦ ਮੋਰਚਿਆਂ ਵਿੱਚ ਲੜਦੇ ਮਰੇ ਪਾਏ ਗਏ। ਹਥਿਆਰ, ਪੁਜ਼ੀਸ਼ਨਾਂ ਉਵੇਂ ਦੀਆਂ ਉਵੇਂ। ਸਾਰਿਆਂ ਦੇ ਕਈ ਕਈ ਜ਼ਖ਼ਮ ਸਨ। ਕਈਆਂ ਦੇ ਪੇਟ ਅਤੇ ਛਾਤੀ ਸੰਗੀਨਾਂ ਨਾਲ ਵਿੰਨ੍ਹੀ ਹੋਈ ਸੀ। ਗੋਲੀਆਂ ਦੇ ਖੋਲ ਥਾਂ ਥਾਂ ਖਿੱਲਰੇ ਪਏ ਸਨ। 96 ਲਾਸ਼ਾਂ ਹੇਠਾਂ ਲਿਆ ਕੇ 17 ਫਰਵਰੀ 1963 ਨੂੰ ਚਸ਼ੂਲ ਏਅਰ ਫੀਲਡ ਵਿੱਚ ਸਮੂਹਿਕ ਸਸਕਾਰ ਕੀਤਾ ਗਿਆ। ਚਿਤਾ ਨੂੰ ਅੱਗ ਬ੍ਰਿਗੇਡੀਅਰ ਟੀ.ਐੱਨ. ਰੈਣਾ ਅਤੇ 13 ਕੁਮਾਊਂ ਦੇ ਸੀ.ਓ. ਲੈਫ਼ਟੀਨੈਂਟ ਕਰਨਲ ਹਰੀ ਸਿੰਘ ਧੀਂਗੜਾ ਨੇ ਦਿੱਤੀ। ਦੋ ਲਾਸ਼ਾਂ 1965 ਵਿੱਚ ਇੱਕ ਚਰਵਾਹੇ ਦੇ ਦੱਸਣ ’ਤੇ ਮਿਲੀਆਂ। ਉਨ੍ਹਾਂ ਦਾ ਸਸਕਾਰ ਵੀ ਪਹਿਲੀ ਵਾਲੀ ਜਗ੍ਹਾ ’ਤੇ ਕਰ ਦਿੱਤਾ ਗਿਆ। ਮੇਜਰ ਸ਼ੈਤਾਨ ਸਿੰਘ ਦੀ ਲਾਸ਼ ਫੁਕਚੇ ਏਅਰ ਫੀਲਡ ਤੋਂ ਜੋਧਪੁਰ ਲਿਆਂਦੀ ਗਈ ਅਤੇ ਉਸ ਦਾ ਅੰਤਮ ਸਸਕਾਰ ਉਸ ਦੇ ਜੱਦੀ ਪਿੰਡ ਬਾਨਾਸਰ ਵਿੱਚ ਪੂਰੇ ਫ਼ੌਜੀ ਸਨਮਾਨਾਂ ਨਾਲ ਕੀਤਾ ਗਿਆ। ਬਾਅਦ ਵਿੱਚ ਇਸ ਦਾ ਨਾਮ ਸ਼ੈਤਾਨ ਸਿੰਘ ਨਗਰ ਕਰ ਦਿੱਤਾ ਗਿਆ। ਜੋਧਪੁਰ ਦੀ ਇੱਕ ਪ੍ਰਮੁੱਖ ਸੜਕ ਵੀ ਇਸ ਦੇ ਨਾਮ ਕਰ ਦਿੱਤੀ ਗਈ। ਸੀ ਕੰਪਨੀ 13 ਕੁਮਾਊਂ ਨੂੰ ਇੱਕ ਪਰਮਵੀਰ ਚੱਕਰ, 8 ਵੀਰ ਚੱਕਰ, 4 ਸੈਨਾ ਮੈਡਲ ਅਤੇ ਕੁਝ ਹੋਰ ਇਨਾਮ ਦਿੱਤੇ ਗਏ। ਸੀ ਕੰਪਨੀ ਨੂੰ ਭਾਰਤ ਸਰਕਾਰ ਦੇ ਸਪੈਸ਼ਲ ਗਜ਼ਟ ਰਾਹੀਂ ‘ਰੇਜ਼ਾਂਗ ਲਾ ਕੰਪਨੀ’ ਦਾ ਨਾਂ ਦਿੱਤਾ ਗਿਆ। ਇਹ ਭਾਰਤੀ ਫ਼ੌਜ ਦੀ ਇੱਕੋ ਇੱਕ ਅਜਿਹੀ ਕੰਪਨੀ ਹੈ। ਫ਼ੌਜੀ ਇਤਿਹਾਸ ਵਿੱਚ ਇਹ ਲੜਾਈ ਆਪਣੀ ਕਿਸਮ ਦੀ ਇੱਕੋ ਇੱਕ ਮਿਸਾਲ ਹੈ। ਸਸਕਾਰ ਉਪਰੰਤ ਉਸ ਥਾਂ ’ਤੇ 13 ਕੁਮਾਊਂ ਨੇ ਇੱਕ ਸਾਦੀ ਜਿਹੀ ਯਾਦਗਾਰ ਬਣਾਈ ਜਿਸ ਵਿੱਚ ਸਾਰੇ ਸ਼ਹੀਦਾਂ ਦੇ ਨਾਮ ਉੱਕਰੇ ਹਨ। ਇਸ ਯਾਦਗਾਰ ’ਤੇ ਅੰਗਰੇਜ਼ੀ ਦੇ ਕਵੀ ਮੈਕਾਲੇ ਦੀ ਅਮਰ ਕਵਿਤਾ ਦੀਆਂ ਅੰਤਲੀਆਂ ਸਤਰਾਂ ਅੰਕਤ ਹਨ:
“ਇਸ ਧਰਤੀ ’ਤੇ ਹਰ ਮਨੁੱਖ ਨੂੰ ਮੌਤ ਅੱਜ ਭਲਕ ਆਉਣੀ ਹੀ ਹੈ,
ਇਸ ਤੋਂ ਚੰਗੀ ਹੋਰ ਕਿਹੜੀ ਮੌਤ ਹੋ ਸਕਦੀ ਹੈ ਜਿਹੜੀ ਭਿਆਨਕ ਹਾਲਾਤ ਵਿੱਚ ਆਪਣੇ ਪੁਰਖਿਆਂ ਦੀ ਰਾਖ ਅਤੇ ਰੱਬ ਦੇ ਘਰਾਂ ਦੀ ਰਾਖੀ ਲਈ ਹੋਵੇ।’’
ਦੱਸਦੇ ਹਨ ਕਿ ਰੇਵਾੜੀ (ਹਰਿਆਣਾ) ਨੇ ਵੀ ਰੇਜ਼ਾਂਗ ਲਾ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਯਾਦਗਾਰ ਉਸਾਰੀ ਸੀ। ਇੱਥੋਂ ਦਾ ਸ਼ਾਇਦ ਹੀ ਕੋਈ ਪਿੰਡ ਹੋਵੇ ਜਿਸ ਦਾ ਪੁੱਤ ਨਾ ਗਿਆ ਹੋਵੇ। ਕਈਆਂ ਦੇ ਇੱਕ ਤੋਂ ਜ਼ਿਆਦਾ ਰਿਸ਼ਤੇਦਾਰ ਮਾਰੇ ਗਏ। ਮਿਸਾਲ ਵਜੋਂ, ਕੰਪਨੀ ਹੌਲਦਾਰ ਮੇਜਰ ਹਰਫੂਲ ਸਿੰਘ ਦਾ ਭਣਵੱਈਆ ਸਿਪਾਹੀ ਬ੍ਰਿਜ ਲਾਲ ਅਤੇ ਭਤੀਜਾ ਸਿਪਾਹੀ ਹਰੀ ਰਾਮ 8 ਪਲਟਣ ਵਿੱਚ ਸ਼ਹੀਦ ਹੋ ਗਏ। ਕੰਪਨੀ ਕਮਾਂਡਰ ਦਾ ਰੇਡੀਓ ਅਪਰੇਟਰ ਅਤੇ ਬੈਟ ਮੈਨ ਸਿਪਾਹੀ ਰਾਮ ਚੰਦਰ ਦੋਵੇਂ ਜੀਜਾ ਅਤੇ ਸਾਲਾ ਇੱਥੇ ਹੀ ਸ਼ਹੀਦ ਹੋ ਗਏ।
ਹਾਲਾਤ ਫਿਰ ਮਾੜੇ ਹਨ। ਆਓ ਭਾਰਤੀ ਫ਼ੌਜ ਦੇ ਨਾਲ ਖੜ੍ਹੇ ਹੋਈਏ।
ਪ੍ਰਣਾਮ ਸ਼ਹੀਦਾਂ ਨੂੰ!!