ਮੁਕੇਸ਼ ਕੁਮਾਰ
ਚੰਡੀਗੜ੍ਹ, 12 ਅਪਰੈਲ
ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਚੌਕਾਂ ਦੀ ਸਹੀ ਸਾਂਭ-ਸੰਭਾਲ ਨਾ ਕਰਨ ’ਤੇ ਸਖ਼ਤ ਕਾਰਵਾਈ ਕਰਦਿਆਂ ਅੱਜ ਇੱਥੋਂ ਦੇ ਸੈਕਟਰ 4-5 ਅਤੇ 9-8 ਦੇ ਦਰਮਿਆਨੇ ਚੌਕ ਦੇ ਰੱਖ-ਰਖਾਅ ਸਬੰਧੀ ਮੈਸਰਜ਼ ਭੇਜੋ ਲੌਜਿਸਟਿਕ ਸੈਕਟਰ 39 ਚੰਡੀਗੜ੍ਹ ਨਾਲ ਕੀਤੇ ਸਮਝੌਤਾ ਰੱਦ ਕਰਨ ਦਾ ਹੁਕਮ ਜਾਰੀ ਕੀਤਾ ਹੈ। ਨਗਰ ਨਿਗਮ ਵੱਲੋਂ ਇਹ ਚੌਕ 12 ਜੂਨ 2021 ਤੋਂ 11 ਜੂਨ 2023 ਤੱਕ 2 ਸਾਲਾਂ ਲਈ ਇਸ ਏਜੰਸੀ ਨੂੰ ਰੱਖ-ਰਖਾਅ ਲਈ ਅਲਾਟ ਕੀਤਾ ਗਿਆ ਸੀ। ਚੌਕ ਦੇ ਰੱਖ-ਰਖਾਅ ਦੀ ਜਾਂਚ ਕਰਨ ਮਗਰੋਂ ਇਹ ਫ਼ੈਸਲਾ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਬਾਗਬਾਨੀ ਵਿਭਾਗ ਦੇ ਸੁਪਰਿੰਟੇਂਡਿੰਗ ਇੰਜਨੀਅਰ ਨੂੰ ਤਸਵੀਰਾਂ ਵਾਲੇ ਸਬੂਤਾਂ ਅਤੇ ਰੱਖ-ਰਖਾਅ ਸਬੰਧੀ ਰਿਕਾਰਡਾਂ ਦੇ ਨਾਲ ਸ਼ਹਿਰ ਵਿੱਚ ਨਿਜੀ ਕੰਪਨੀਆਂ ਜਾਂ ਅਦਾਰਿਆਂ ਹਵਾਲੇ ਕੀਤੇ ਗਏ 30 ਚੌਕਾਂ ਦੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਨਿਗਮ ਦੇ ਬਾਗਬਾਨੀ ਵਿੰਗ ਵੱਲੋਂ ਅਜਿਹੇ ਸਾਰੇ ਚੌਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਏਜੰਸੀਆਂ ਦੀ ਰੱਖ-ਰਖਾਅ ਦੀ ਕਾਰਗੁਜ਼ਾਰੀ ਬਾਰੇ ਕਮਿਸ਼ਨਰ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਗੈਰ-ਕਾਰਗੁਜ਼ਾਰੀ ਵਾਲੀਆਂ ਏਜੰਸੀਆਂ, ਜੋ ਨਿਯਮਾਂ ਅਨੁਸਾਰ ਚੌਕਾਂ ਦਾ ਰੱਖ-ਰਖਾਅ ਨਹੀਂ ਕਰ ਰਹੀਆਂ ਹਨ, ਉਨ੍ਹਾਂ ਨਾਲ ਕੀਤੇ ਸਮਝੌਤਾ ਤੁਰੰਤ ਰੱਦ ਕਰ ਦਿੱਤਾ ਜਾਵੇਗਾ।