ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 12 ਅਪਰੈਲ
ਸ਼ਹਿਰ ਵਿੱਚ ਸਵਾਰੀਆਂ ਨੂੰ ਲੁੱਟਣ ਵਾਲਾ ਥ੍ਰੀ-ਵ੍ਹੀਲਰ ਗਰੋਹ ਮੁੜ ਤੋਂ ਸਰਗਰਮ ਹੋ ਗਿਆ ਹੈ। ਇਸ ਗਰੋਹ ਦੇ ਦੋ ਮੈਂਬਰਾਂ ਨੇ ਅੱਜ ਤੜਕੇ ਪੰਚਕੂਲਾ ਦੇ ਵਸਨੀਕ ਨੂੰ ਥ੍ਰੀ-ਵ੍ਹੀਲਰ ਵਿੱਚ ਬਿਠਾ ਕੇ 85 ਹਜ਼ਾਰ ਰੁਪਏ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਲੁੱਟ ਲਏ। ਵਾਰਦਾਤ ਨੂੰ ਅੱਜ ਤੜਕੇ ਪੌਣੇ ਛੇ ਵਜੇ ਫਲਾਈਓਵਰ ਦੇ ਥੱਲੇ ਅੰਜ਼ਾਮ ਦਿੱਤਾ ਗਿਆ। ਪੁਲੀਸ ਨੇ ਪੰਚਕੂਲਾ ਵਸਨੀਕ ਫੂਲ ਚੰਦ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਥ੍ਰੀ-ਵ੍ਹੀਲਰ ਸਵਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਫੂਲ ਚੰਦ ਵਾਸੀ ਇੰਡਸਟਰੀ ਏਰੀਆ ਫੇਜ਼ 1 ਪੰਚਕੂਲਾ ਨੇ ਦੱਸਿਆ ਕਿ ਉਹ ਅੱਜ ਤੜਕੇ ਚੰਡੀਗੜ੍ਹ ਦੇ ਸੈਕਟਰ 17 ਬੱਸ ਤੋਂ ਉੱਤਰਿਆ ਸੀ। ਉਸ ਨੂੰ ਕੋਈ ਵੀ ਥ੍ਰੀ-ਵ੍ਹੀਲਰ ਨਾ ਮਿਲਣ ਕਾਰਨ ਉਹ ਸੈਕਟਰ 17 ਤੋਂ ਟ੍ਰਿਬਿਊਨ ਚੌਕ ਤੱਕ ਪੈਦਲ ਪਹੁੰਚ ਗਿਆ। ਇੱਥੋਂ ਪੰਚਕੂਲਾ ਘਰ ਜਾਣ ਲਈ ਉਸ ਨੇ ਥ੍ਰੀ-ਵ੍ਹੀਲਰ ਲਿਆ ਜਿਸ ਵਿੱਚ ਪਹਿਲਾਂ ਹੀ ਇਕ ਸਵਾਰੀ ਬੈਠੀ ਸੀ। ਜ਼ੀਰਕਪੁਰ ਪਹੁੰਚਣ ’ਤੇ ਚਾਲਕ ਨੇ ਥ੍ਰੀ-ਵ੍ਹੀਲਰ ਬਲਟਾਣਾ ਵੱਲ ਮੋੜ ਲਿਆ। ਉਸ ਦੇ ਪੁੱਛਣ ’ਤੇ ਉਸ ਨੇ ਕਿਹਾ ਕਿ ਰਾਹ ਵਿੱਚ ਵਿਕਾਸ ਨਗਰ ਤੋਂ ਉਸ ਨੇ ਕਿਸੇ ਤੋਂ ਪੈਸੇ ਲੈਣੇ ਹਨ। ਇੱਥੇ ਜ਼ੀਰਕਪੁਰ ਫਲਾਈਓਵਰ ਦੇ ਹੇਠਾਂ ਹਨੇਰੇ ਵਾਲੀ ਥਾਂ ’ਤੇ ਪਹੁੰਚਣ ’ਤੇ ਦੋਵਾਂ ਜਣਿਆਂ ਨੇ ਹਾਕੀ ਕੱਢ ਲਈ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੋਵਾਂ ਨੇ ਉਸ ਕੋਲ ਮੌਜੂਦ 85 ਹਜ਼ਾਰ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਖੋਹਣ ਮਗਰੋਂ ਉਸ ਨੂੰ ਉੱਥੇ ਹੀ ਸੁੱਟ ਗਏ।