ਚੰਡੀਗੜ੍ਹ: ਰੂਪਨਗਰ ਜ਼ਿਲ੍ਹੇ ਦੇ ਪਿੰਡ ਬੁੰਗਾ ਸਾਹਿਬ ਵਿੱਚ ਬੀਤੇ ਦਿਨ ਕਿਸਾਨਾਂ ਕੋਲੋਂ ਮੁਆਫ਼ੀ ਮੰਗ ਕੇ ਖਹਿੜਾ ਛੁਡਵਾਉਣ ਵਾਲੀ ਘਟਨਾ ਤੋਂ ਬੌਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੇ ਇਨਕਾਰ ਕੀਤਾ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਆਖਿਆ ਕਿ ਉਸ ਨੂੰ ਕਿਸੇ ਨੇ ਮੁਆਫ਼ੀ ਮੰਗਣ ਲਈ ਨਹੀਂ ਆਖਿਆ ਅਤੇ ਨਾ ਹੀ ਉਸ ਨੇ ਮੁਆਫ਼ੀ ਮੰਗੀ ਹੈ। ਉਸ ਨੇ ਆਖਿਆ ਕਿ ਉਸ ਨੂੰ ਕਿਹੜੀ ਗੱਲ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ? ਅਦਾਕਾਰਾ ਨੇ ਆਖਿਆ ਕਿ ਉਹ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਦੀ ਹੈ। ਉਸ ਨੇ ਆਖਿਆ ਕਿ ਘਿਰਾਓ ਦੌਰਾਨ ਉਸ ਦੀ ਕਿਸਾਨ ਬੀਬੀਆਂ ਨਾਲ ਹੋਈ ਗੱਲਬਾਤ ਸਮੂਹ ਮੀਡੀਆ ਪਲੈਟਫਾਰਮ ’ਤੇ ਉਪਲੱਬਧ ਹੈ ਜਿਸ ਬਾਰੇ ਝੂਠ ਨਾ ਫੈਲਾਇਆ ਜਾਵੇ। ਕੰਗਣਾ ਨੇ ਆਖਿਆ ਕਿ ਉਸ ਨੇ ਹਮੇਸ਼ਾਂ ਕਿਸਾਨਾਂ ਦਾ ਪੱਖ ਪੂਰਿਆ ਹੈ ਇਸ ਲਈ ਉਹ ਖੇਤੀ ਕਾਨੂੰਨਾਂ ਦੇ ਹੱਕ ਵਿਚ ਬੋਲਦੀ ਰਹੀ ਹੈ ਅਤੇ ਉਹ ਅੱਗੋਂ ਵੀ ਆਪਣੀ ਆਵਾਜ਼ ਇਸੇ ਤਰ੍ਹਾਂ ਬੁਲੰਦ ਕਰਦੀ ਰਹੇਗੀ। -ਟਨਸ