ਪ੍ਰਭੂ ਦਿਆਲ
ਸਿਰਸਾ, 26 ਫਰਵਰੀ
ਸਰਕਾਰੀ ਕਰਮਚਾਰੀ ਦਾ ਦਰਜਾ ਤੇ ਹੋਰ ਮੰਗਾਂ ਦੀ ਪੂਰਤੀ ਲਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਲੰਘੀ ਰਾਤ ਮੀਂਹ ਤੇ ਗੜਿਆਂ ’ਚ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਗੁਜ਼ਾਰੀ ਤੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਪੁਤਲੇ ਫੂਕ ਕੇ ਸਿਆਪਾ ਕੀਤਾ। ਇਸ ਦੌਰਾਨ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਸੀ। ਕਿਸਾਨ ਚੌਕ ’ਤੇ ਪੁਤਲੇ ਫੂਕਣ ਮਗਰੋਂ ਆਂਗਣਵਾੜੀ ਯੂਨੀਅਨ ਦੀ ਆਗੂ ਵੀਰੋ ਰਾਣੀ, ਸ਼ਕੁੰਤਲਾ ਤੇ ਪ੍ਰੋਮਿਲਾ ਨੇ ਦੱਸਿਆ ਕਿ ਉਹ ਸਵਾ ਦੋ ਮਹੀਨਿਆਂ ਤੋਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੀਆਂ ਹਨ।
ਕੱਲ੍ਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੰਗਾਂ ਦੀ ਪੂਰਤੀ ਲਈ ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਬਾਹਰ ਪੱਕਾ ਮੋਰਚਾ ਲਾਇਆ। ਰਾਤ ਆਏ ਮੀਂਹ ਤੇ ਗੜਿਆਂ ’ਚ ਆਂਗਣਵਾੜੀ ਵਰਕਰਾਂ ਨੇ ਰਾਤ ਬਾਹਰ ਹੀ ਗੁਜ਼ਾਰੀ। ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਪੁਤਲੇ ਫੂਕੇ ਕੇ ਉਨ੍ਹਾਂ ਦਾ ਪਿੱਟ ਸਿਆਪਾ ਕਰਦਿਆਂ ਉਨ੍ਹਾਂ ਨੂੰ ਯਾਦ ਦੁਆਇਆ ਗਿਆ ਸਰਕਾਰ ਦੇ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਨਾਅਰੇ ਝੂਠੇ ਸਾਬਤ ਹੋ ਰਹੇ ਹਨ।