ਪ੍ਰਭੂ ਦਿਆਲ
ਸਿਰਸਾ, 13 ਅਪਰੈਲ
ਸੰਯੁਕਤ ਕਿਸਾਨ ਮੋਰਚਾ ਵੱਲੋਂ ਐੱਮਐੱਸਪੀ ਗਾਰੰਟੀ ਹਫ਼ਤਾ ਦੇ ਦਿੱਤੇ ਸੱਦੇ ’ਤੇ ਹਰਿਆਣਾ ਕਿਸਾਨ ਸਭਾ ਤੇ ਜ਼ਿਲ੍ਹਾ ਸੀਪੀਆਈ ਕਾਰਕੁਨਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਮਿੰਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਕਿਸਾਨ ਆਗੂ ਸਵਰਨ ਸਿੰਘ ਵਿਰਕ, ਡਾ. ਸੁਖਦੇਵ ਸਿੰਘ ਜੰਮੂ ਅਤੇ ਰੋਸ਼ਨ ਸੁਚਾਨ ਨੇ ਕਿਹਾ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਲਈ ਕਮੇਟੀ ਬਣਵਾਉਣ, ਲਖੀਮਪੁਰੀ ਖੀਰੀ ਹਿੰਸਕ ਘਟਨਾ ਦੇ ਮੁੱਖ ਮੁਲਜ਼ਮ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਵਾਉਣ, ਅਜੈ ਮਿਸ਼ਰਾ ਨੂੰ ਕੇਂਦਰੀ ਵਜਾ਼ਰਤ ’ਚੋਂ ਬਰਖ਼ਾਸਤ ਕਰਵਾਉਣ ਤੋਂ ਇਲਾਵਾ ਕਈ ਸਥਾਨਕ ਮੰਗਾਂ ਲਈ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਐਤਕੀਂ ਮਾਰਚ ਮਹੀਨੇ ’ਚ ਜ਼ਿਆਦਾ ਗਰਮੀ ਪੈਣ ਕਾਰਨ ਕਣਕ ਦਾ ਝਾੜ ਘੱਟ ਨਿਕਲ ਰਿਹਾ ਹੈ। ਕਿਸਾਨਾਂ ਦੀ ਭਰਪਾਈ ਲਈ ਸਰਕਾਰ ਕਿਸਾਨਾਂ ਨੂੰ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਬੋਨਸ ਦੇਵੇ। ਇਲਾਕੇ ਵਿੱਚ ਜਿਹੜੇ ਕਿਸਾਨਾਂ ਦੀ ਕਣਕ ਦੀ ਫ਼ਸਲ ਅੱਗ ਨਾਲ ਸੜੀ ਹੈ, ਉਨ੍ਹਾਂ ਕਿਸਾਨਾਂ ਨੂੰ ਚਾਲੀ ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਦਿੱਤਾ ਜਾਏ। ਸਾਉਣੀ ਦੀ ਮੁੱਖ ਫ਼ਸਲ ਨਰਮੇ ਦੀ ਬੀਜਾਈ ਲਈ ਸਾਰੀਆਂ ਨਹਿਰਾਂ ਵਿੱਚ ਟੇਲਾਂ ਤੱਕ ਪੂਰਾ ਪਾਣੀ ਮੁਹੱਈਆ ਕਰਵਾਇਆ ਜਾਏ। ਓਟੂ ਵੀਅਰ ਦੀ ਖੁਦਾਈ ਕਰਵਾਈ ਜਾਏ ਤੇ ਇਸ ਦੇ ਨਾਲ ਹੀ ਘੱਗਰ ਨਾਲੀ ਦੀ ਰਾਜਸਥਾਨ ਤੱਕ ਖੁਦਾਈ ਕਰਵਾਈ ਜਾਏ। ਇਸ ਮੌਕੇ ’ਤੇ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ ਤੇ ਨੌਜਵਾਨ ਮੌਜੂਦ ਸਨ।