ਲਾਜਵੰਤ ਸਿੰਘ
ਨਵਾਂਸ਼ਹਿਰ, 30 ਜਨਵਰੀ
ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲੀਸ ਦੀ ਸਾਂਝੀ ਟੀਮ ਨੇ ਜ਼ਿਲ੍ਹੇ ਦੇ ਰਾਹੋਂ ਕਸਬੇ ਵਿੱਚ ਸ਼ਨਿਚਰਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਗੈਰਕਾਨੂੰਨੀ ਢੰਗ ਨਾਲ ਸਟੋਰ ਕੀਤੇ ਸ਼ਰਾਬ ਦੇ 1616 ਡੱਬੇ ਬਰਾਮਦ ਕੀਤੇ ਹਨ। ਇਸ ਦੀ ਕੀਮਤ ਲਗਪਗ ਇੱਕ ਕਰੋੜ ਰੁਪਏ ਦੱਸੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਈਟੀਓ ਰਾਜ ਕੁਮਾਰ, ਆਬਕਾਰੀ ਇੰਸਪੈਕਟਰ ਮਨਜੀਤ ਸਿੰਘ, ਹਰਜਿੰਦਰ ਸਿੰਘ, ਸੀਆਈਏ ਸਟਾਫ਼ ਇੰਚਾਰਜ ਦਲਬੀਰ ਸਿੰਘ ਅਤੇ ਰਾਹੋਂ ਥਾਣਾ ਦੇ ਐੱਸਐੱਚਓ ਬਖਸ਼ੀਸ਼ ਸਿੰਘ ਨੇ ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਰਾਹੋਂ ਕਸਬੇ ਵਿੱਚ ਦਾਣਾ ਮੰਡੀ ਨੇੜੇ ਸਥਿਤ ਇੱਕ ਰਿਹਾਇਸ਼ੀ-ਕਮ-ਵਪਾਰਕ ਥਾਂ ਦੀ ਤਲਾਸ਼ੀ ਲਈ। ਛਾਪੇ ਦੌਰਾਨ ਟੀਮ ਨੂੰ ਸ਼ਰਾਬ ਦੇ 1616 ਡੱਬੇ ਮਿਲੇ, ਜਿਨ੍ਹਾਂ ’ਤੇ ਪਟਿਆਲਾ ਪੈੱਗ, ਮੈਕਡਾਵਲ ਨੰਬਰ-1 ਅਤੇ ਆਫੀਸਰਜ਼ ਚੁਆਇਸ ਬਲੂ ਦੇ ਲੇਬਲ ਲੱਗੇ ਹੋਏ ਸਨ। ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੁਲੀਸ ਰਿਕਾਰਡ ਅਨੁਸਾਰ ਕੁੱਲ 1616 ਡੱਬੇ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪਟਿਆਲਾ ਪੈੱਗ (ਪੰਜਾਬ ਵਿੱਚ ਵਿਕਰੀ ਲਈ) ਦੇ 730 ਡੱਬੇ, ਮੈਕਡਾਵਲ ਨੰਬਰ-1 (ਪੰਜਾਬ ਵਿੱਚ ਵਿਕਰੀ ਲਈ) ਦੇ 390 ਡੱਬੇ ਅਤੇ ਆਫੀਸਰਜ਼ ਚੁਆਇਸ ਬਲੂ ਦੇ 496 ਡੱਬੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਮਾਰਤ ਦੇ ਮਾਲਕ ਸਤੀਸ਼ ਕੁਮਾਰ ਨੂੰ ਪੁੱਛ ਪੜਤਾਲ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ।