ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਸਤੰਬਰ
ਮਸਤੂਆਣਾ ਸਾਹਿਬ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਮੈਡੀਕਲ ਕਾਲਜ ਦਾ ਮਾਮਲਾ ਮੁੜ ਭਖ ਗਿਆ ਹੈ। ਮੈਡੀਕਲ ਕਾਲਜ ਬਣਾਓ ਸੰਘਰਸ਼ ਕਮੇਟੀ ਮਸਤੂਆਣਾ ਸਾਹਿਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ। ਸੰਘਰਸ਼ ਕਮੇਟੀ ਨੇ ਦੋਸ਼ ਲਾਇਆ ਕਿ ਐੱਸਜੀਪੀਸੀ ਮਸਤੂਆਣਾ ਸਾਹਿਬ ਵਿੱਚ ਸੰਤ ਬਾਬਾ ਅਤਰ ਸਿੰਘ ਦੇ ਨਾਮ ’ਤੇ ਬਣਨ ਵਾਲੇ ਮੈਡੀਕਲ ਕਾਲਜ ਦੇ ਰਾਹ ਵਿੱਚ ਕਥਿਤ ਤੌਰ ’ਤੇ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ। ਇਸੇ ਤਹਿਤ ਐੱਸਜੀਪੀਸੀ ਵੱਲੋਂ ਇੱਕ ਪੁਰਾਣੇ ਕੇਸ ਦਾ ਹਵਾਲਾ ਦੇ ਕੇ ਹਾਈ ਕੋਰਟ ਤੋਂ ਸਟੇਅ ਲਿਆ ਗਿਆ ਹੈ।
ਮੈਡੀਕਲ ਕਾਲਜ ਬਣਾਓ ਸੰਘਰਸ਼ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਖ਼ਿਲਾਫ਼ ਸੰਘਰਸ਼ ਦਾ ਐਲਾਨ ਕਰਦਿਆਂ ਪਹਿਲੇ ਪੜਾਅ ’ਚ 7 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ। ਸੰਘਰਸ਼ ਕਮੇਟੀ ਦੇ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਸੰਤ ਅਤਰ ਸਿੰਘ ਦੀ ਸੋਚ ਸੀ ਕਿ ਮਸਤੂਆਣਾ ਸਾਹਿਬ ਨੂੰ ਵਿਦਿਆ ਦਾ ਕੇਂਦਰ ਬਣਾਇਆ ਜਾਵੇ ਜਿਸ ਤਹਿਤ ਅਨੇਕਾਂ ਵਿਦਿਅਕ ਕੇਂਦਰ ਚੱਲ ਰਹੇ ਹਨ। ਇਲਾਕੇ ਦੀਆਂ ਸੰਗਤਾਂ ਦੀ ਮੰਗ ’ਤੇ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਹੇਠ 25 ਏਕੜ ਜ਼ਮੀਨ ਮੈਡੀਕਲ ਕਾਲਜ ਲਈ ਸਰਕਾਰ ਨੂੰ ਦਾਨ ਕਰਕੇ ਇਸ ਕਾਰਜ ਨੂੰ ਅੱਗੇ ਵਧਾਇਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਮੈਡੀਕਲ ਕਾਲਜ ਮਨਜ਼ੂਰ ਕੀਤਾ ਜਿਸ ਦਾ ਨੀਂਹ ਪੱਥਰ 5 ਅਗਸਤ ਨੂੰ ਮੁੱਖ ਮੰਤਰੀ ਵੱਲੋਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਐੱਸਜੀਪੀਸੀ ਵੱਲੋਂ ਮੈਡੀਕਲ ਕਾਲਜ ਨੂੰ ਰੋਕਣ ਲਈ ਅਦਾਲਤ ਤੋਂ ਸਟੇਅ ਲੈ ਲਈ ਜਿਸ ਕਾਰਨ ਇਲਾਕੇ ਦੀ ਸੰਗਤ ਵਿਚ ਭਾਰੀ ਰੋਸ ਹੈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਥੇ ਮੈਡੀਕਲ ਕਾਲਜ ਜ਼ਰੂਰ ਬਣਨਾ ਚਾਹੀਦਾ ਹੈ। ਇਲਾਕੇ ਦੇ ਲੋਕਾਂ ਵਲੋਂ ਸੰਘਰਸ਼ ਕਮੇਟੀ ਬਣਾ ਕੇ ਮੈਡੀਕਲ ਕਾਲਜ ਬਣਾਉਣ ਦੇ ਹੱਕ ਵਿਚ ਸੰਘਰਸ਼ ਵਿੱਢ ਦਿੱਤਾ ਹੈ ਜਿਸਦੇ ਪਹਿਲੇ ਪੜਾਅ ਵਜੋਂ 7 ਸਤੰਬਰ ਨੂੰ ਐਸਜੀਪੀਸੀ ਮੈਂਬਰ ਤੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਦੀ ਲੌਂਗੋਵਾਲ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਘਿਰਾਓ ਦੀ ਤਿਆਰੀ ਲਈ ਸੰਘਰਸ਼ ਕਮੇਟੀ ਵੱਲੋਂ ਇਲਾਕੇ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।
ਇਸ ਮੌਕੇ ਕਸ਼ਮੀਰ ਸਿੰਘ ਬਡਬਰ, ਗੁਰਜੀਤ ਸਿੰਘ ਉੱਭਾਵਾਲ, ਸੁਖਦੇਵ ਸਿੰਘ ਕੁੰਨਰਾਂ, ਭਜਨ ਸਿੰਘ ਦੁੱਗਾਂ ਤੇ ਰਾਮ ਸਿੰਘ ਢੱਡਰੀਆਂ ਹਾਜ਼ਰ ਸਨ