ਚਰਨਜੀਤ ਭੁੱਲਰ
ਚੰਡੀਗੜ੍ਹ, 30 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਪਹਿਲਾਂ ਅੰਦਰੋਂ ਅੰਦਰੀ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਆਪਸੀ ਖਹਬਿਾਜ਼ੀ ’ਤੇ ਭਾਜਪਾ ਨੇ ਨਜ਼ਰ ਟਿਕਾ ਲਈ ਹੈ। ਭਾਜਪਾ ਹੁਣ ਚੰਨੀ ਤੇ ਸਿੱਧੂ ਦੀ ਸਿਆਸੀ ਸ਼ਰੀਕੇਬਾਜ਼ੀ ’ਚ ਆਪਣਾ ਦਾਅ ਲਾਉਣ ਦੀ ਤਾਕ ਵਿੱਚ ਹੈ। ਨਵਜੋਤ ਸਿੱਧੂ ਆਖ ਚੁੱਕੇ ਹਨ ਕਿ ਵਿਰੋਧੀ ਇਸ ਕਰਕੇ ਘਟੀਆ ਸਿਆਸਤ ’ਤੇ ਉੱਤਰੇ ਹਨ ਕਿ ਕਿਤੇ ਨਵਜੋਤ ਸਿੱਧੂ ਨੂੰ ਕਾਂਗਰਸ ਪਾਰਟੀ ਮੁੱਖ ਮੰਤਰੀ ਚਿਹਰਾ ਨਾ ਐਲਾਨ ਦੇਵੇ। ਇਸ ਦੇ ਨਾਲ ਹੀ ਕਾਂਗਰਸੀ ਆਗੂ ਰਾਹੁਲ ਗਾਂਧੀ ਪੰਜਾਬ ਦੌਰੇ ਮੌਕੇ ਆਖ ਚੁੱਕੇ ਹਨ ਕਿ ਜਲਦ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਵੇਗਾ।
ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਕਾਗ਼ਜ਼ ਦਾਖਲ ਕਰ ਦਿੱਤੇ ਹਨ, ਜਿਸ ਕਰਕੇ ਇਸ ਹਲਕੇ ਦੀ ਸਿਆਸੀ ਲੜਾਈ ਹੁਣ ਦਿਲਚਸਪ ਬਣ ਗਈ ਹੈ। ਸਿਆਸੀ ਹਲਕੇ ਆਖਦੇ ਹਨ ਕਿ ਭਾਜਪਾ ਵੱਲੋਂ ਅੰਮ੍ਰਿਤਸਰ ਪੂਰਬੀ ਦੀ ਜਨਰਲ ਸੀਟ ਤੋਂ ਦਲਿਤ ਚਿਹਰੇ ਡਾ. ਜਗਮੋਹਨ ਸਿੰਘ ਰਾਜੂ ਨੂੰ ਉਮੀਦਵਾਰ ਬਣਾਏ ਜਾਣ ਦੀ ਜ਼ਰੂਰ ਕੋਈ ਖ਼ਾਸ ਵਜ੍ਹਾ ਹੋਵੇਗੀ। ਜ਼ਿਕਰਯੋਗ ਹੈ ਕਿ ਭਾਜਪਾ ਨੇ ਡਾ. ਜਗਮੋਹਨ ਸਿੰਘ ਰਾਜੂ ਨੂੰ ਰਾਤੋ-ਰਾਤ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦਿਵਾ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਡਾ. ਰਾਜੂ ਤਾਮਿਲਨਾਡੂ ਵਿੱਚ ਵਧੀਕ ਮੁੱਖ ਸਕੱਤਰ ਸਨ। ਸੂਤਰ ਆਖਦੇ ਹਨ ਕਿ ਭਾਜਪਾ ਸਮਝਦੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਇਸ ਸ਼ਹਿਰੀ ਹਲਕੇ ਤੋਂ ਵੋਟ ਨਹੀਂ ਮਿਲਣਗੇ। ਚੰਨੀ ਦੀ ਅੰਦਰੋਂ ਨਵਜੋਤ ਸਿੱਧੂ ਨਾਲ ਅਣਬਣ ਹੋਣ ਕਰਕੇ ਹਲਕੇ ਦੀ ਦਲਿਤ ਵੋਟ ਵੀ ਇੱਕੋ ਇਸ਼ਾਰੇ ’ਤੇ ਭਾਜਪਾ ਦੇ ਦਲਿਤ ਭਾਈਚਾਰੇ ਨਾਲ ਤੁਅੱਲਕ ਰੱਖਦੇ ਉਮੀਦਵਾਰ ਡਾ. ਰਾਜੂ ਦੇ ਪੱਖ ਵਿਚ ਭੁਗਤ ਸਕਦੀ ਹੈ। ਬੇਸ਼ੱਕ ਭਾਜਪਾ ਦੀ ਇਹ ਗਿਣਤੀ-ਮਿਣਤੀ ਸਿਰੇ ਨਾ ਵੀ ਚੜ੍ਹ ਸਕੇ, ਪਰ ਚੰਨੀ ਦਾ ਅੰਦਰਖਾਤੇ ਕੀਤਾ ਇੱਕ ਇਸ਼ਾਰਾ ਵੀ ਨਵਜੋਤ ਸਿੱਧੂ ’ਤੇ ਭਾਰੂ ਪੈ ਸਕਦਾ ਹੈ।
ਸਿਆਸੀ ਮਾਹਰ ਦੱਸਦੇ ਹਨ ਕਿ ਬਹੁਤ ਘੱਟ ਵਾਰ ਅਜਿਹਾ ਹੁੰਦਾ ਹੈ ਕਿ ਕਿਸੇ ਜਨਰਲ ਸੀਟ ਤੋਂ ਦਲਿਤ ਵਰਗ ਦੇ ਵਿਅਕਤੀ ਨੂੰ ਉਮੀਦਵਾਰ ਬਣਾਇਆ ਗਿਆ ਹੋਵੇ। ਇਸ ਵੇਲੇ ਨਵਜੋਤ ਸਿੱਧੂ ਖ਼ਿਲਾਫ਼ ਸਿਆਸੀ ਘੇਰਾਬੰਦੀ ਵਧ ਗਈ ਹੈ, ਜਿਸ ਕਰਕੇ ਸਿੱਧੂ ਨੂੰ ਹੁਣ ਜ਼ਿਆਦਾ ਸਮਾਂ ਆਪਣੇ ਹਲਕੇ ਵਿੱਚ ਦੇਣਾ ਪੈ ਸਕਦਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਖ ਚੁੱਕੇ ਹਨ ਕਿ ਉਹ ਨਵਜੋਤ ਸਿੱਧੂ ਨੂੰ ਜਿੱਤਣ ਨਹੀਂ ਦੇਣਗੇ। ਇਹੋ ਗੱਲ ਬਿਕਰਮ ਸਿੰਘ ਮਜੀਠੀਆ ਵੀ ਆਖ ਰਹੇ ਹਨ।
ਕਾਂਗਰਸ ਲਈ ਇਹ ਸਮੱਸਿਆ ਹੈ ਕਿ ਉਹ ਦਲਿਤ ਵੋਟ ਬੈਂਕ ਦੇ ਮੱਦੇਨਜ਼ਰ ਚਰਨਜੀਤ ਚੰਨੀ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੁੰਦੀ ਅਤੇ ਨਾਲ ਹੀ ਜੱਟ ਵੋਟ ਬੈਂਕ ਕਰਕੇ ਨਵਜੋਤ ਸਿੱਧੂ ਨੂੰ ਅੱਖੋਂ ਪਰੋਖੇ ਕਰਨ ਦਾ ਜੋਖ਼ਮ ਨਹੀਂ ਉਠਾ ਸਕਦੀ। ਹਾਲਾਂਕਿ ਚੰਨੀ ਤੇ ਸਿੱਧੂ ਦੋਵੇਂ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਆਖ ਚੁੱਕੇ ਹਨ ਕਿ ਕਿਸੇ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਵੇ, ਉਨ੍ਹਾਂ ਨੂੰ ਪ੍ਰਵਾਨ ਹੋਵੇਗਾ, ਪਰ ਅੰਦਰੋਂ ਹਕੀਕਤ ਇਹ ਨਹੀਂ ਹੈ। ਕਾਂਗਰਸ ਦੇ ਅੰਦਰ ਇੱਕ ਧੜਾ ਇਸ ਗੱਲ ’ਤੇ ਦਬਾਅ ਬਣਾ ਰਿਹਾ ਹੈ ਕਿ ਸਾਂਝੀ ਕਮਾਨ ਹੇਠ ਹੀ ਚੋਣ ਲੜੀ ਜਾਵੇ। ਬਾਕੀ ਵਿਰੋਧੀ ਪਾਰਟੀਆਂ ਤਰਫ਼ੋਂ ਮੁੱਖ ਮੰਤਰੀ ਦੇ ਚਿਹਰੇ ਐਲਾਨ ਦਿੱਤੇ ਗਏ ਹਨ, ਜਿਸ ਕਰਕੇ ਕਾਂਗਰਸ ’ਤੇ ਦਬਾਅ ਵੀ ਹੈ।