ਪੱਛਮੀ ਬੰਗਾਲ ਵਿਧਾਨ ਸਭਾ ਨੇ ਪੱਛਮੀ ਬੰਗਾਲ ਯੂਨੀਵਰਸਿਟੀਜ਼ ਲਾਅ (ਸੋਧ) ਬਿਲ ਪਾਸ ਕਰਕੇ ਕੇਂਦਰ-ਰਾਜ ਸਬੰਧਾਂ ਦੇ ਮੁੱਦੇ ਉੱਤੇ ਚਰਚਾ ਨੂੰ ਮੁੜ ਭਖਾ ਦਿੱਤਾ ਹੈ। ਇਸ ਬਿਲ ਦੇ ਕਾਨੂੰਨ ਬਣਨ ਨਾਲ ਸੂਬੇ ਦੀਆਂ ਸਾਰੀਆਂ 31 ਯੂਨੀਵਰਸਿਟੀਆਂ ਦੇ ਚਾਂਸਲਰ, ਰਾਜਪਾਲ ਦੇ ਬਜਾਇ ਮੁੱਖ ਮੰਤਰੀ ਹੋਣਗੇ। ਇਹ ਪਹਿਲਾ ਮੌਕਾ ਨਹੀਂ ਹੈ ਕਿ ਕਿਸੇ ਸੂਬੇ ਦੀ ਵਿਧਾਨ ਸਭਾ ਨੇ ਅਜਿਹਾ ਬਿਲ ਪਾਸ ਕੀਤਾ ਹੈ। ਪਿਛਲੇ ਸਾਲ ਦਸੰਬਰ ਵਿਚ ਮਹਾਰਾਸ਼ਟਰ ਦੀ ਸ਼ਿਵ ਸੈਨਾ, ਕਾਂਗਰਸ ਤੇ ਨੈਸ਼ਨਲਿਸਟ ਕਾਂਗਰਸ ਦੀ ਸਰਕਾਰ ਨੇ ਵਾਈਸ-ਚਾਂਸਲਰ ਲਗਾਉਣ ਦੇ ਰਾਜਪਾਲ ਦੇ ਅਧਿਕਾਰ ਖ਼ਤਮ ਕਰਨ ਸਬੰਧੀ ਬਿਲ ਪਾਸ ਕੀਤਾ ਸੀ। ਤਾਮਿਲਨਾਡੂ ਦੀ ਡੀਐੱਮਕੇ ਸਰਕਾਰ ਨੇ ਅਪਰੈਲ ਵਿਚ ਵਿਧਾਨ ਸਭਾ ਵਿਚ ਅਜਿਹਾ ਹੀ ਬਿਲ ਪਾਸ ਕਰਵਾਇਆ ਸੀ। ਇਨ੍ਹਾਂ ਬਿਲਾਂ ਨੂੰ ਰਾਜਪਾਲ ਦੀ ਮਨਜ਼ੂਰੀ ਨਹੀਂ ਮਿਲੀ ਹੈ। ਪੱਛਮੀ ਬੰਗਾਲ ਦੇ ਰਾਜਪਾਲ ਨੇ ਵੀ ਬਿਲ ਨੂੰ ਮਨਜ਼ੂਰ ਨਾ ਕਰਨ ਦੇ ਸੰਕੇਤ ਦਿੱਤੇ ਹਨ। 2013 ਵਿਚ ਗੁਜਰਾਤ ਸਰਕਾਰ ਨੇ ਵੀ ਬਿਲ ਪਾਸ ਕਰਕੇ ਸੂਬਾ ਸਰਕਾਰ ਦੀਆਂ 14 ਯੂਨੀਵਰਸਿਟੀਆਂ ਦੇ ਚਾਂਸਲਰ ਵਜੋਂ ਵਾਈਸ-ਚਾਂਸਲਰ ਲਗਾਉਣ ਸਮੇਤ ਰਾਜਪਾਲ ਦੇ ਅਧਿਕਾਰ ਵਾਪਸ ਲੈ ਲਏ ਸਨ। ਇਸ ਬਿਲ ਨੂੰ 2015 ’ਚ ਭਾਜਪਾ ਪਿਛੋਕੜ ਵਾਲੇ ਰਾਜਪਾਲ ਲੱਗਣ ਤੋਂ ਬਾਅਦ ਮਨਜ਼ੂਰੀ ਮਿਲੀ ਸੀ।
ਰਾਜਪਾਲ ਦੀ ਭੂਮਿਕਾ ਹਮੇਸ਼ਾ ਵਿਵਾਦਤ ਰਹੀ ਹੈ। ਜਮਹੂਰੀ ਪ੍ਰਣਾਲੀ ਵਿਚ ਮੰਨਿਆ ਇਹ ਗਿਆ ਸੀ ਕਿ ਰਾਜਪਾਲ ਇਕ ਤਰ੍ਹਾਂ ਨਾਲ ਸੰਵਿਧਾਨਿਕ ਮੁਖੀ ਹੋਣਗੇ ਜਦਕਿ ਰਾਜ ਸਰਕਾਰਾਂ ਲਗਾਤਾਰ ਇਹ ਸ਼ਿਕਾਇਤਾਂ ਕਰਦੀਆਂ ਰਹੀਆਂ ਹਨ ਕਿ ਰਾਜਪਾਲ ਕੇਂਦਰ ਦੇ ਨੁਮਾਇੰਦੇ ਦੀ ਤਰ੍ਹਾਂ ਕੰਮ ਕਰਦੇ ਹਨ। ਪੱਛਮੀ ਬੰਗਾਲ ਵਿਚ ਪਿਛਲੇ ਲੰਮੇ ਸਮੇਂ ਤੋਂ ਰਾਜਪਾਲ ਜਗਦੀਪ ਧਨਖੜ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦਰਮਿਆਨ ਟਕਰਾਅ ਦੀ ਸਥਿਤੀ ਹੈ। ਕੇਂਦਰ-ਰਾਜ ਸਬੰਧਾਂ ਦੇ ਸਵਾਲ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਨੇ ਕਮਿਸ਼ਨ ਵੀ ਬਣਾਏ। ਸਰਕਾਰੀਆ ਕਮਿਸ਼ਨ ਅਤੇ ਪੁੰਛੀ ਕਮਿਸ਼ਨ ਨੇ ਰਾਜਪਾਲ ਦੀ ਭੂਮਿਕਾ ਕਾਰਨ ਪੈਦਾ ਹੋਣ ਵਾਲੇ ਵਿਵਾਦਾਂ ਬਾਰੇ ਚਰਚਾ ਕੀਤੀ ਸੀ। ਸਰਕਾਰੀਆ ਕਮਿਸ਼ਨ ਅਨੁਸਾਰ ਕਿਸੇ ਵੀ ਰਾਜ ਦਾ ਰਾਜਪਾਲ ਸਬੰਧਿਤ ਰਾਜ ਦੇ ਮੁੱਖ ਮੰਤਰੀ ਦੀ ਰਾਇ ਨਾਲ ਲਗਾਇਆ ਜਾਣਾ ਚਾਹੀਦਾ ਹੈ।
ਤਾਕਤਾਂ ਦੇ ਕੇਂਦਰੀਕਰਨ ਦੇ ਰੁਝਾਨ ਕਾਰਨ ਰਾਜਪਾਲ ਲਗਾਉਣ ਸਮੇਂ ਸੂਬਾ ਸਰਕਾਰਾਂ ਅਤੇ ਖ਼ਾਸ ਤੌਰ ਉੱਤੇ ਵਿਰੋਧੀ ਧਿਰਾਂ ਦੇ ਮੁੱਖ ਮੰਤਰੀਆਂ ਦੀ ਰਾਇ ਦਾ ਸਨਮਾਨ ਘੱਟ ਨਹੀਂ ਕੀਤਾ ਜਾਂਦਾ ਰਿਹਾ। ਹੁਣ ਸਿਆਸੀ ਸਬੰਧ ਵੀ ਸੁਖਾਵੇਂ ਨਾ ਰਹਿ ਕੇ ਟਕਰਾਉ ਵਾਲੇ ਹਨ। ਲੰਘੇ ਦਿਨੀਂ ਰਾਜੀਵ ਗਾਂਧੀ ਕਤਲ ਕੇਸ ਨਾਲ ਸਬੰਧਿਤ ਮੁਜਰਮ ਨੂੰ ਸੂਬਾਈ ਸਰਕਾਰ ਵੱਲੋਂ ਰਿਹਾਈ ਉੱਤੇ ਰਾਜਪਾਲ ਵੱਲੋਂ ਸਹੀ ਨਾ ਪਾਏ ਜਾਣ ’ਤੇ ਸੁਪਰੀਮ ਕੋਰਟ ਨੇ ਸਪੱਸ਼ਟ ਹੁਕਮ ਦਿੱਤਾ ਹੈ ਕਿ ਇਹ ਸੂਬਾਈ ਸਰਕਾਰ ਦਾ ਅਧਿਕਾਰ ਹੈ। ਜੀਐੱਸਟੀ ਦੇ ਮਾਮਲੇ ਵਿਚ ਵੀ ਅਜਿਹੀ ਜੱਜਮੈਂਟ ਆਈ ਹੈ ਕਿ ਕੇਂਦਰ ਅਤੇ ਰਾਜ ਸਰਕਾਰ ਦੋਵੇਂ ਹੀ ਟੈਕਸਾਂ ਬਾਰੇ ਫ਼ੈਸਲਾ ਲੈ ਸਕਦੀਆਂ ਹਨ। ਬੀਐੱਸਐੱਫ ਦੇ ਅਧਿਕਾਰ ਖੇਤਰ ਦਾ ਦਾਇਰਾ ਵਧਾਉਣ ਸਮੇਤ ਹੋਰ ਮਾਮਲਿਆਂ ਨੂੰ ਫੈਡਰਲਿਜ਼ਮ ਦੇ ਦ੍ਰਿਸ਼ਟੀਕੋਣ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ।