ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਿਕਰਮ ਸਿੰਘ ਰੋਹਿਣੀ ਨੇ ‘ਜਾਗੋ’ ਪਾਰਟੀ ਮੁਖੀ ਮਨਜੀਤ ਸਿੰਘ ਜੀਕੇ ’ਤੇ ਵੱਡਾ ਹਮਲਾ ਬੋਲਦਿਆਂ ਕਿਹਾ ਹੈ ਕਿ ਕਰੋਨਾ ਕਾਲ ਵਿਚ ਜਦੋਂ ਦੁਨੀਆਂ ਭਰ ’ਚ ਦਿੱਲੀ ਦੀ ਸਿੱਖ ਸੰਗਤ ਦੀ ਵਡਿਆਈ ਹੋ ਰਹੀ ਹੈ ਤਾਂ ਉਸ ਵੇਲੇ ‘ਜਾਗੋ’ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਸੰਗਤ ਦੀ ਬਦਨਾਮੀ ਕਰਵਾਉਣ ਵਾਸਤੇ ਪੱਬਾਂ ਭਾਰ ਹੋਏ ਪਏ ਹਨ।
ਜਾਰੀ ਬਿਆਨ ’ਚ ਮੈਂਬਰ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਵੱਲੋਂ ਕਰੋਨਾ ਕਾਲ ਵੇਲੇ ਨਿਭਾਇਆ ਜਾ ਰਿਹਾ, ਇਹ ਕਿਰਦਾਰ ਕੋਈ ਹੈਰਾਨੀਜਨਕ ਨਹੀਂ ਕਿਉਂਕਿ ਇਹ ਪਿਤਾ ਪੁਰਖੀ ਸੋਚ ਹੈ, ਇਹ ਖਾਸ ਤੌਰ ’ਤੇ ਸਿੱਖਾਂ ਦੀ ਪਿੱਠ ਵਿਚ ਛੁਰਾ ਮਾਰਦੇ ਰਹੇ ਹਨ। ਉਨ੍ਹਾਂ ਕਿਹਾ ਕਿ 1975 ਦੀ ਐਮਰਜੈਂਸੀ ’ਚ ਜਦੋਂ ਸਾਰਾ ਪੰਥ ਜੇਲ੍ਹ ’ਚ ਸੀ, ਉਦੋਂ ਸੰਤੋਖ ਸਿੰਘ ਇੰਦਰਾ ਗਾਂਧੀ ਦੇ ਕੋਲ ਬੈਠਦਾ ਸੀ ਤੇ ਮਨਜੀਤ ਸਿੰਘ ਜੀਕੇ ਨਾਲ ਹੁੰਦਾ ਸੀ। ਐਮਰਜੈਂਸੀ ’ਚ ਉਦੋਂ ਇਨ੍ਹਾਂ ਦੇ ਪਿਤਾ ਇੰਦਰਾ ਗਾਂਧੀ ਨਾਲ ਤਸਵੀਰਾਂ ਖਿਚਵਾਉਂਦੇ ਸਨ ਤੇ ਅਖਬਾਰਾਂ ’ਚ ਛਪਵਾਉਂਦੇ ਸਨ।
ਮੈਂਬਰ ਨੇ ਕਿਹਾ, ‘‘ਸੰਤੋਖ ਸਿੰਘ ਹੀ ਹਨ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਨਖ਼ਾਹ ਲਗਾਈ ਗਈ ਤੇ ਇਹ ਰਿਕਾਰਡ ਦੇਖਿਆ ਜਾ ਸਕਦਾ ਹੈ ਜਦੋਂ ਕਿ ਹਰਮੀਤ ਸਿੰਘ ਕਾਲਕਾ ਦੇ ਪਿਤਾ ਜਸਵੰਤ ਸਿੰਘ ਕਾਲਕਾ ਨੂੰ ਕਦੇ ਵੀ ਅਕਾਲ ਤਖਤ ’ਤੇ ਤਲਬ ਤੱਕ ਨਹੀਂ ਕੀਤਾ ਗਿਆ।’
ਅਮਿਤਾਭ ਬੱਚਨ ਦੇ ਮਾਮਲੇ ’ਚ ਕਾਲਕਾ ਤੋਂ ਸਪੱਸ਼ਟੀਕਰਨ ਲੈਣ ਸੁਖਬੀਰ ਬਾਦਲ: ‘ਜਾਗੋ’
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ 1984 ਸਿੱਖ ਕਤਲੇਆਮ ਮਾਮਲੇ ਵਿੱਚ ਅਮਿਤਾਭ ਬੱਚਨ ਦੇ ਖ਼ਿਲਾਫ਼ ਸਬੂਤ ਮੰਗਣ ਉੱਤੇ ‘ਜਾਗੋ’ ਪਾਰਟੀ ਨੇ ਹੈਰਾਨੀ ਜਤਾਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪਾਰਟੀ ਦਾ ਇਸ ਮਾਮਲੇ ’ਚ ਪੱਖ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ‘ਜਾਗੋ’ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਕਾਲਕਾ ਨੇ ਉਹੀ ਕਿਹਾ ਹੈ ਜੋ 1984 ਤੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲਨਾਥ ਆਦਿ ਅੱਜ ਤੱਕ ਬੋਲਦੇ ਆਏ ਹਨ। ਕਾਲਕਾ ਨੇ ਪੀੜਤਾਂ ਨੂੰ ਪਿੱਠ ਦਿਖਾ ਕੇ ਆਪਣੀ ਇੱਛਾ ਸਾਫ਼ ਕਰ ਦਿੱਤੀ ਹੈ, ਉਹ ਇਨਸਾਫ਼ ਮੰਗਣ ਵਾਲਿਆਂ ਦੇ ਸਿੱਧੇ ਖ਼ਿਲਾਫ਼ ਖੜੇ ਹਨ। ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਕਾਲਕਾ ਤੋਂ ਸਪਸ਼ਟੀਕਰਨ ਲੈਣਾ ਚਾਹੀਦਾ ਹੈ, ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਇਹ ਅਕਾਲੀ ਦਲ ਦੀ ਅਧਿਕਾਰਿਤ ਲਕੀਰ ਹੈ।