ਅਸ਼ਵਨੀ ਗਰਗ
ਸਮਾਣਾ, 2 ਜਨਵਰੀ
ਸਮਾਣਾ-ਪਾਤੜਾਂ ਰੋਡ ’ਤੇ ਸਥਿਤ ਗ੍ਰੀਨ ਸਿਟੀ ਕਲੋਨੀ ਦੀ ਧੱਕੇ ਨਾਲ ਰਾਤ ਦੇ ਹਨੇਰੇ ਵਿੱਚ ਦੀਵਾਰ ਤੋੜ ਕੇ ਨਵੀਂ ਕਲੌਨੀ ਨੂੰ ਰਸਤਾ ਕੱਢਣ ਨੂੰ ਲੈ ਕੇ ਅੱਜ ਮੁਹੱਲਾ ਵਾਸੀਆਂ ਨੇ ਜਿੱਥੇ ਕਲੋਨਾਈਜ਼ਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਉੱਥੇ ਹੀ ਪੁਲੀਸ ਪ੍ਰਸ਼ਾਸਨ ਤੇ ਸਿਆਸੀ ਦਬਾਅ ਹੇਠ ਧੱਕਾ ਕਰਨ ਦਾ ਦੋਸ਼ ਲਗਾਇਆ।
ਗ੍ਰੀਨ ਸਿਟੀ ਮੁਹੱਲੇ ਦੇ ਪ੍ਰਧਾਨ ਦਲਬੀਰ ਸਿੰਘ ਅਤੇ ਸਰਬਜੀਤ ਸਿੰਘ ਸਣੇ ਵਾਰਡ ਦੀ ਐੱਮਸੀ ਗੁਰਜੀਤ ਕੌਰ ਦੇ ਪਤੀ ਜਸਵਿੰਦਰ ਸਿੰਘ ਬੱਬੂ, ਅਜੈਬ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ, ਅਜੈਬ ਸਿੰਘ ਆਦਿ ਨੇ ਦੱਸਿਆ ਕਿ ਕਲੋਨਾਈਜ਼ਰ ਵੱਲੋਂ ਜਦੋਂ ਇਹ ਕਲੌਨੀ ਕੱਟੀ ਗਈ ਸੀ ਤਾਂ ਇਸ ਨੂੰ ਡੱਬਾ ਬੰਦ ਕਲੋਨੀ ਕਹਿ ਕੇ ਵੇਚਿਆ ਗਿਆ ਸੀ। ਹੁਣ ਕਲੋਨਾਈਜ਼ਰ ਵੱਲੋਂ ਪਿਛੇ ਜ਼ਮੀਨ ਖ਼ਰੀਦ ਨੇ ਨਾਜਾਇਜ਼ ਕਲੋਨੀ ਕੱਟੀ ਜਾ ਰਹੀ ਹੈ ਜਿਸ ਨੂੰ ਧੱਕੇ ਤੇ ਗੁੰਡਾਗਰਦੀ ਨਾਲ ਉਨ੍ਹਾਂ ਦੀ ਕਲੋਨੀ ਵਿੱਚੋਂ ਰਸਤਾ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਲੌਨਾਈਜ਼ਰ ਵੱਲੋਂ ਰਾਤ ਦੇ ਹਨੇਰੇ ’ਚ ਕਲੋਨੀ ਦੀਆਂ ਲਾਈਟਾਂ ਬੰਦ ਕਰਕੇ ਕਲੋਨੀ ਦੀ ਦੀਵਾਰ ਨੂੰ ਤੋੜ ਦਿੱਤਾ ਤੇ ਜਦੋਂ ਉਨ੍ਹਾਂ ਆਪਣੀ ਦੀਵਾਰ ਮੁੜ ਬਨਾਉਣ ਦਾ ਯਤਨ ਕੀਤਾ ਤਾਂ ਪੁਲੀਸ ਨੇ ਆ ਕੇ ਦੀਵਾਰ ਬਣਾਉਣ ਤੋਂ ਰੋਕ ਦਿੱਤਾ। ਉਨ੍ਹਾਂ ਦੋੋਸ਼ ਲਾਇਆ ਕਿ ਪੁਲੀਸ ਵੀ ਸਿਆਸੀ ਦਬਾਅ ਹੇਠ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਵਾਰਡ ਦੇ ਐੱਮਸੀ ਗੁਰਜੀਤ ਕੌਰ ਦੇ ਪਤੀ ਜਸਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਹਲਕਾ ਵਿਧਾਇਕ ਨੂੰ ਜਾਣਕਾਰੀ ਦੇ ਦਿੱਤੀ ਹੈ ਤੇ ਉਨ੍ਹਾਂ ਭਰੋਸਾ ਦਵਾਇਆ ਹੈ ਕਿ ਕਲੋਨੀ ਵਾਸੀਆਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਕਲੋਨੀ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਕਲੋਨਾਈਜ਼ਰ ਨੇ ਧੱਕੇ ਨਾਲ ਰਸਤਾ ਕੱਢਣ ਦਾ ਯਤਨ ਕੀਤਾ ਤਾਂ ਉਹ ਧਰਨਾ ਦੇਣ ਤੋਂ ਵੀ ਗੁਰੇਜ ਨਹੀਂ ਕਰਨਗੇ ਤੇ ਰਸਤਾ ਨਹੀਂ ਨਿਕਲਣ ਦੇਣਗੇ। ਜਦੋਂ ਇਸ ਬਾਰੇ ਕਲੋਨਾਈਜ਼ਰ ਕੇਵਲ ਕ੍ਰਿਸ਼ਨ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਜਿਹੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਰਸਤਾ ਹੈ ਜਿਸ ਨੂੰ ਕਲੋਨੀ ਵਾਲੇ ਜਾਣਬੁੱਝ ਕੇ ਬੰਦ ਕਰਨਾ ਚਾਹੁੰਦੇ ਹਨ। ਸਿਟੀ ਪੁਲੀਸ ਮੁਖੀ ਸੁਰਿੰਦਰ ਸਿੰਘ ਭੱਲਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ ਤੇ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।