ਪ੍ਰਿੰਸੀਪਲ ਵਿਜੈ ਕੁਮਾਰ
ਮਾਤਾ ਪਿਤਾ ਨੇ ਬਚਪਨ ਤੋਂ ਇਹ ਸਿਖਾਇਆ ਹੋਇਆ ਸੀ ਕਿ ਕਿਸੇ ਬੁਰਾਈ ਵਾਲੇ ਇਨਸਾਨ ਵੱਲ ਕਦੇ ਧਿਆਨ ਨਾ ਦਿਓ ਤੇ ਨਾ ਹੀ ਆਪਣੀ ਜ਼ੁਬਾਨ ਤੋਂ ਉਸ ਦਾ ਕਦੇ ਜ਼ਿਕਰ ਕਰੋ। ਕਿਉਂਕਿ ਕਿਸੇ ਦੀ ਬੁਰਾਈ ਬਾਰੇ ਗੱਲ ਕਰਨਾ ਵੀ ਸਾਡੇ ਦਿਲ ਦਿਮਾਗ਼ ਉੱਤੇ ਬੁਰਾ ਪ੍ਰਭਾਵ ਪਾਉਂਦਾ ਹੈ, ਪਰ ਅੱਛੇ ਅਤੇ ਨੇਕ ਵਿਅਕਤੀ ਦੇ ਗੁਣਾਂ ਨੂੰ ਗੱਠੀ ਬੰਨ੍ਹ ਲਓ ਅਤੇ ਉਸ ਦੀ ਚਰਚਾ ਵੀ ਕਰੋ ਤਾਂ ਕਿ ਉਸ ਦੇ ਗੁਣ ਤੁਹਾਨੂੰ ਗੁਣਵਾਨ ਬਣਨ ਦਾ ਚੇਤਾ ਕਰਾਉਂਦੇ ਰਹਿਣ। ਤੁਸੀਂ ਵੀ ਕਦੇ ਨਾ ਕਦੇ ਉਸ ਜਿਹੇ ਬਣ ਸਕੋ। ਅਧਿਆਪਨ ਦੇ ਖੇਤਰ ਵਿਚ ਸੇਵਾ ਨਿਭਾਉਂਦਿਆਂ ਮੇਰਾ ਵਾਹ ਅਨੇਕ ਤਰ੍ਹਾਂ ਦੇ ਅਧਿਆਪਕਾਂ ਨਾਲ ਪਿਆ। ਉਨ੍ਹਾਂ ਵਿੱਚੋਂ ਕਈ ਅਧਿਆਪਕ ਆਪਣੇ ਪੇਸ਼ੇ ਪ੍ਰਤੀ ਸਮਰਪਿਤ ਹੋਣ ਕਰਕੇ ਮੇਰੇ ਜੀਵਨ ਦਾ ਆਦਰਸ਼ ਵੀ ਰਹੇ। ਜਦੋਂ ਮੈਂ ਕਦੇ ਅਧਿਆਪਕ ਵਜੋਂ ਆਪਣੀ ਕਾਰਗੁਜ਼ਾਰੀ ਦੀ ਉਨ੍ਹਾਂ ਨਾਲ ਤੁਲਨਾ ਕਰਦਾ ਹਾਂ ਤਾਂ ਮਹਿਸੂਸ ਕਰਦਾ ਹਾਂ ਕਿ ਮੈਨੂੰ ਉਨ੍ਹਾਂ ਵਰਗਾ ਅਧਿਆਪਕ ਬਣਨ ਲਈ ਇੱਕ ਹੋਰ ਜਨਮ ਲੈਣਾ ਪਵੇਗਾ। ਮੈਂ ਆਪਣੇ ਇਸ ਲੇਖ ਵਿਚ ਹਿਸਾਬ ਅਧਿਆਪਕ ਰਮੇਸ਼ ਕੁਮਾਰ ਜਸਵਾਲ ਦਾ ਜ਼ਿਕਰ ਕਰਨਾ ਚਾਹਾਂਗਾ। ਉਹ ਦਰਵੇਸ਼ ਅਧਿਆਪਕ ਅੱਜ ਇਸ ਦੁਨੀਆ ਵਿਚ ਨਹੀਂ, ਪਰ ਉਹ ਆਪਣੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਦਿਲਾਂ ਵਿਚ ਅਜੇ ਵੀ ਜਿਉਂਦਾ ਹੈ। ਉਸ ਦੀ ਨੇਕਨੀਤੀ, ਇਮਾਨਦਾਰੀ, ਸ਼ਰਾਫ਼ਤ, ਇਨਸਾਨੀਅਤ ਅਤੇ ਸੇਵਾ ਭਾਵ ਨੇ ਉਸ ਨੂੰ ਅਮਰ ਕਰ ਦਿੱਤਾ ਹੈ।
ਉਹ ਸੱਚਮੁੱਚ ਦਾ ਅਧਿਆਪਕ ਸੀ। ਮੈਂ ਇੱਕ ਪਿੰਡ ਦੇ ਸਕੂਲ ਵਿੱਚੋਂ ਬਦਲ ਕੇ ਸ਼ਹਿਰ ਦੇ ਸਕੂਲ ਵਿਚ ਆਇਆ ਸੀ। ਸਕੂਲ ਕਾਫ਼ੀ ਵੱਡਾ ਸੀ ਤੇ ਚੰਗਾ ਵੀ। ਸਕੂਲ ਸ਼ਿਫਟਾਂ ਵਿਚ ਲੱਗਣ ਅਤੇ ਅਧਿਆਪਕਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਈ ਅਧਿਆਪਕਾਂ ਨਾਲ ਤਾਂ ਮੇਰੀ ਮੇਲ ਮੁਲਾਕਾਤ ਵੀ ਨਹੀਂ ਹੁੰਦੀ ਸੀ। ਲੈਕਚਰਾਰ ਹੋਣ ਕਾਰਨ ਮੈਂ ਕੇਵਲ ਗਿਆਰਵੀਂ ਬਾਰ੍ਹਵੀਂ ਜਮਾਤ ਨੂੰ ਹੀ ਪੜ੍ਹਾਉਂਦਾ ਸੀ। ਇਸ ਲਈ ਦਸਵੀਂ ਜਮਾਤ ਤੱਕ ਪੜ੍ਹਾਉਣ ਵਾਲੇ ਅਧਿਆਪਕਾਂ ਬਾਰੇ ਮੈਂ ਬਹੁਤਾ ਜਾਣਦਾ ਵੀ ਨਹੀਂ ਸੀ, ਪਰ ਮੈਨੂੰ ਐਨਾ ਕੁ ਜ਼ਰੂਰ ਪਤਾ ਸੀ ਕਿ ਸਕੂਲ ਵਿਚ ਰਮੇਸ਼ ਕੁਮਾਰ ਜਸਵਾਲ ਨਾ ਦਾ ਇੱਕ ਹਿਸਾਬ ਅਧਿਆਪਕ ਹੈ। ਇੱਕ ਦਿਨ ਮੈਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਤੋਂ ਆਪਣੇ ਸ਼ਹਿਰ ਨੂੰ ਬੱਸ ਵਿਚ ਆ ਰਿਹਾ ਸਾਂ। ਬੱਸ ਵਿਚ ਭੀੜ ਕਾਫ਼ੀ ਹੋਣ ਕਾਰਨ ਮੈਂ ਖੜ੍ਹਾ ਸੀ। ਮੈਨੂੰ ਖੜ੍ਹਾ ਵੇਖ ਕੇ ਹਲਕੀ ਜਿਹੀ ਉਮਰ ਦਾ ਇਕ ਨੌਜਵਾਨ ਮੈਨੂੰ ਆਪਣੀ ਸੀਟ ਦੇ ਕੇ ਆਪ ਖੜ੍ਹਾ ਹੋ ਗਿਆ। ਅੱਧਾ ਕੁ ਸਫ਼ਰ ਖਤਮ ਹੋਣ ਤੋਂ ਬਾਅਦ ਮੈਨੂੰ ਵੀ ਬੈਠਣ ਲਈ ਸੀਟ ਮਿਲ ਗਈ। ਉਹ ਨੌਜਵਾਨ ਆ ਕੇ ਮੇਰੇ ਨਾਲ ਬੈਠ ਗਿਆ। ਉਸ ਨੇ ਗੱਲ ਤੋਰਦਿਆਂ ਕਿਹਾ, ‘‘ਸਰ, ਤੁਸੀਂ ਵਿਜੈ ਸਰ ਹੋ ਨਾ?’’ ਮੈਂ ਹਾਂ ਵਿਚ ਜਵਾਬ ਦੇ ਕੇ ਚੁੱਪ ਕਰ ਗਿਆ। ਉਹ ਅੱਗੋਂ ਬੋਲਿਆ, ‘‘ਸਰ, ਮੇਰੇ ਚਾਚਾ ਜੀ ਦਾ ਬੇਟਾ ਤੁਹਾਡੇ ਕੋਲ ਪੜ੍ਹਦਾ ਹੈ, ਉਹ ਤੁਹਾਡੀਆਂ ਬਹੁਤ ਤਾਰੀਫ਼ਾਂ ਕਰਦਾ ਹੈ।’’ ਮੈਂ ਉਸ ਨੂੰ ਆਪਣੇ ਬਾਰੇ ਦੱਸਣ ਲਈ ਕਿਹਾ। ਉਹ ਬੋਲਿਆ, ‘‘ਮੈਂ ਲੋਕ ਨਿਰਮਾਣ ਵਿਭਾਗ ਵਿਚ ਜੂਨੀਅਰ ਇੰਜੀਨੀਅਰ ਹਾਂ। ਮੈਂ ਤੁਹਾਡੇ ਸਕੂਲ ਦਾ ਹੀ ਪੜ੍ਹਿਆ ਹੋਇਆ ਹਾਂ। ਸਾਡੀ ਦਸਵੀਂ ਜਮਾਤ ਦੇ ਲਗਭਗ ਸਾਰੇ ਵਿਦਿਆਰਥੀ ਚੰਗੇ ਅਹੁਦਿਆਂ ’ਤੇ ਕੰਮ ਕਰਦੇ ਹਨ। ਉਂਝ ਤਾਂ ਸਾਡੇ ਸਾਰੇ ਅਧਿਆਪਕ ਬਹੁਤ ਮਿਹਨਤੀ ਸਨ, ਪਰ ਅਸੀਂ ਆਪਣੇ ਹਿਸਾਬ ਅਧਿਆਪਕ ਸ੍ਰੀ ਰਮੇਸ਼ ਕੁਮਾਰ ਜਸਵਾਲ ਦਾ ਦੇਣਾ ਨਹੀਂ ਦੇ ਸਕਦੇ।’’
ਨੌਜਵਾਨ ਦੀਆਂ ਗੱਲਾਂ ਨੇ ਉਸ ਵਿਚ ਮੇਰੀ ਦਿਲਚਸਪੀ ਵਧਾ ਦਿੱਤੀ। ਮੈਂ ਉਸ ਨੂੰ ਸਵਾਲ ਕੀਤਾ, ‘‘ਉਸ ਅਧਿਆਪਕ ਵਿਚ ਅਜਿਹੀ ਕੀ ਖਾਸੀਅਤ ਹੈ ਕਿ ਤੁਸੀਂ ਉਸ ਦਾ ਦੇਣਾ ਨਹੀਂ ਦੇ ਸਕਦੇ?’’ ‘‘ਸਰ, ਮੈਂ ਅੱਜ ਜੋ ਕੁਝ ਵੀ ਹਾਂ ਉਨ੍ਹਾਂ ਦੀ ਹੀ ਬਦੌਲਤ ਹਾਂ। ਉਨ੍ਹਾਂ ਵਰਗਾ ਸਿਰੜੀ ਤੇ ਮਿਹਨਤੀ ਅਧਿਆਪਕ ਕੋਈ-ਕੋਈ ਹੀ ਹੁੰਦਾ ਹੈ। ਸਾਡਾ ਅੰਗਰੇਜ਼ੀ ਮਾਧਿਅਮ ਵਾਲਾ ਸੈਕਸ਼ਨ ਸੀ। ਉਹ ਕਿਸੇ ਵੀ ਬੱਚੇ ਨੂੰ ਟਿਊਸ਼ਨ ਨਹੀਂ ਪੜ੍ਹਨ ਦਿੰਦੇ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਮੇਰਾ ਪੜ੍ਹਾਇਆ ਹੋਇਆ ਬੱਚਾ ਟਿਊਸ਼ਨ ਪੜ੍ਹੇ ਤਾਂ ਫੇਰ ਮੇਰੀ ਕੀ ਲੋੜ ਹੈ। ਉਨ੍ਹਾਂ ਦੇ ਸੈਕਸ਼ਨ ਦਾ ਕੋਈ ਬੱਚਾ ਫੇਲ੍ਹ ਨਹੀਂ ਹੁੰਦਾ।’’ ਬੱਸ ਦਾ ਸਫ਼ਰ ਖ਼ਤਮ ਹੋਣ ਤੋਂ ਬਾਅਦ ਉਹ ਨੌਜਵਾਨ ਤਾਂ ਆਪਣੇ ਘਰ ਨੂੰ ਤੁਰ ਗਿਆ, ਪਰ ਉਹ ਮੇਰੇ ਮਨ ਵਿਚ ਰਮੇਸ਼ ਕੁਮਾਰ ਜਸਵਾਲ ਬਾਰੇ ਜਾਨਣ ਦੀ ਬੇਚੈਨੀ ਪੈਦਾ ਕਰ ਗਿਆ। ਮੈਂ ਉਸ ਬਾਰੇ ਸਕੂਲ ਦੇ ਹੋਰ ਅਧਿਆਪਕਾਂ ਨਾਲ ਵੀ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਹ ਸੱਚਮੁੱਚ ਹੀ ਬਹੁਤ ਕਮਾਲ ਦਾ ਅਧਿਆਪਕ ਹੈ। ਉਸ ਦੇ ਪੜ੍ਹਾਉਣ ਦਾ ਢੰਗ, ਬੱਚਿਆਂ ਪ੍ਰਤੀ ਫ਼ਿਕਰਮੰਦੀ ਅਤੇ ਉਨ੍ਹਾਂ ਨਾਲ ਲਗਾਅ ਆਪਣੇ ਆਪ ਵਿਚ ਮਿਸਾਲ ਸੀ। ਇੱਕ ਦਿਨ ਮੈਂ ਉਸ ਨੂੰ ਉਸ ਦੇ ਉਸ ਵਿਦਿਆਰਥੀ ਬਾਰੇ ਜਾਣਕਾਰੀ ਦਿੱਤੀ ਜੋ ਉਸ ਦੀ ਪ੍ਰਸੰਸ਼ਾ ਕਰ ਰਿਹਾ ਸੀ। ਉਸ ਨੇ ਅੱਗੋਂ ਜੋ ਜਵਾਬ ਦਿੱਤਾ, ਉਸ ਨੇ ਮੈਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ।
ਉਹ ਬੋਲਿਆ, ‘‘ਵਿਜੈ ਕੁਮਾਰ ਜੀ, ਵਣਾਂ ਵਿਚ ਮੱਝਾਂ ਗਾਵਾਂ ਚਰਾਉਣ ਵਾਲੇ ਪਰਿਵਾਰ ਦੇ ਜਿਸ ਬੱਚੇ ਉੱਤੇ ਪਰਮਾਤਮਾ ਨੇ ਕਿਰਪਾ ਕਰਕੇ ਉਸ ਨੂੰ ਐਨੀ ਮਾਣਮੱਤੀ ਨੌਕਰੀ ਕਰਨ ਜੋਗਾ ਬਣਾ ਦਿੱਤਾ ਹੋਵੇ ਉਹ ਬੱਚਿਆਂ ਨੂੰ ਇਮਾਨਦਾਰੀ ਨਾਲ ਕਿਉਂ ਨਾ ਪੜ੍ਹਾਵੇ? ਇਨ੍ਹਾਂ ਬੱਚਿਆਂ ਦੀ ਸੇਵਾ ਹੀ ਉਸ ਰੱਬ ਦਾ ਸ਼ੁਕਰਾਨਾ ਹੈ।’’ ਉਸ ਅਧਿਆਪਕ ਦੀ ਉਹ ਸ਼ਬਦਾਵਲੀ ਮੇਰੇ ਲਈ ਪ੍ਰਸ਼ਾਦ ਵਾਂਗ ਸੀ। ਉਸ ਅਧਿਆਪਕ ਪ੍ਰਤੀ ਮੇਰੇ ਮਨ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਸਨਮਾਨ ਵੱਧ ਗਿਆ।
ਅਕਤੂਬਰ ਦਾ ਮਹੀਨਾ ਸੀ। ਉਸ ਨੂੰ ਅਚਾਨਕ ਦਿਲ ਦਾ ਬਹੁਤ ਭਿਆਨਕ ਦੌਰਾ ਪਿਆ। ਉਸ ਦੇ ਬਚਣ ਦੀ ਬਹੁਤ ਘੱਟ ਉਮੀਦ ਸੀ। ਉਸ ਨੂੰ ਚੰਡੀਗੜ੍ਹ ਦੇ ਇੱਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਬੱਚਿਆਂ ਦੀਆਂ ਦੁਆਵਾਂ ਅਤੇ ਚੰਗੀ ਕਿਸਮਤ ਨਾਲ ਉਹ ਸਮੇਂ ਸਿਰ ਚੰਗੇ ਹਸਪਤਾਲ ਵਿਚ ਪਹੁੰਚ ਗਿਆ। ਕਾਬਲ ਡਾਕਟਰਾਂ ਨੇ ਉਸ ਨੂੰ ਬਚਾ ਲਿਆ। ਰਾਜ਼ੀ ਹੋਣ ਮਗਰੋਂ ਡਾਕਟਰ ਨੇ ਉਸ ਨੂੰ ਹਸਪਤਾਲ ਤੋਂ ਛੁੱਟੀ ਕਰਦਿਆਂ ਕਿਹਾ, ‘‘ਮਾਸਟਰ ਜੀ, ਜੇਕਰ ਕੁਝ ਸਾਲ ਜਿਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੂਰੇ ਤਿੰਨ ਚਾਰ ਮਹੀਨੇ ਆਰਾਮ ਕਰਨਾ ਪਵੇਗਾ। ਸਕੂਲ ਤੋਂ ਛੁੱਟੀ ਲੈਣੀ ਪਵੇਗੀ। ਥੋੜ੍ਹੀ ਜਿਹੀ ਅਣਗਹਿਲੀ ਵੀ ਤੁਹਾਡੇ ਲਈ ਭਾਰੀ ਪੈ ਸਕਦੀ ਹੈ।’’ ਅਧਿਆਪਕ ਨੇ ਉਸ ਡਾਕਟਰ ਨੂੰ ਅੱਗੋਂ ਜੋ ਜਵਾਬ ਦਿੱਤਾ, ਉਹ ਸੁਣ ਕੇ ਡਾਕਟਰ ਵੀ ਹੈਰਾਨ ਰਹਿ ਗਿਆ। ਉਸ ਨੇ ਕਿਹਾ, ‘‘ਡਾਕਟਰ ਸਾਹਿਬ, ਅੱਠਵੀਂ ਅਤੇ ਦਸਵੀਂ ਜਮਾਤਾਂ ਦੀ ਪੜ੍ਹਾਈ ਦੇ ਦਿਨ ਹਨ। ਉਨ੍ਹਾਂ ਦੀਆਂ ਪ੍ਰੀਖਿਆਵਾਂ ਸਿਰ ’ਤੇ ਹਨ। ਮੈਂ ਐਨਾ ਚਿਰ ਛੁੱਟੀ ’ਤੇ ਕਿਵੇਂ ਰਹਿ ਸਕਦਾ ਹਾਂ? ਮੈਂ ਜਿਸ ਦਿਨ ਚੱਲਣ ਫਿਰਨ ਜੋਗਾ ਹੋ ਗਿਆ ਸਕੂਲ ਚਲਾ ਜਾਵਾਂਗਾ।’’ ਡਾਕਟਰ ਨੇ ਉਸ ਨੂੰ ਫੇਰ ਕਿਹਾ, ‘‘ਮਾਸਟਰ ਜੀ, ਜੇਕਰ ਜਾਨ ਹੈ ਤਾਂ ਜਹਾਨ ਹੈ। ਸਕੂਲ ਦਾ ਕੋਈ ਨਾ ਕੋਈ ਅਧਿਆਪਕ ਤੁਹਾਡੀਆਂ ਜਮਾਤਾਂ ਪੜ੍ਹਾ ਹੀ ਦੇਵੇਗਾ। ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ।’’ ਹਿਸਾਬ ਅਧਿਆਪਕ ਦਾ ਡਾਕਟਰ ਨੂੰ ਜਵਾਬ ਸੀ, ‘‘ਡਾਕਟਰ ਸਾਹਿਬ, ਇਹ ਜਾਨ ਰਹੇ ਜਾਂ ਨਾ ਰਹੇ, ਪਰ ਮੈਂ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਬਰਦਾਸ਼ਤ ਨਹੀਂ ਕਰ ਸਕਦਾ।’’ ਉਸ ਨੇ ਕੀਤਾ ਵੀ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਹਾ ਸੀ। ਉਹ ਮਹੀਨੇ ਬਾਅਦ ਹੀ ਆਪਣੀ ਡਿਊਟੀ ’ਤੇ ਹਾਜ਼ਰ ਹੋ ਗਿਆ। ਉਸ ਦੀ ਪਤਨੀ, ਉਸ ਦੇ ਮਿੱਤਰਾਂ ਦੋਸਤਾਂ ਅਤੇ ਸਕੂਲ ਮੁਖੀ ਨੇ ਉਸ ਨੂੰ ਬਹੁਤ ਸਮਝਾਇਆ ਕਿ ਉਹ ਆਪਣੀ ਸਿਹਤ ਨਾਲ ਖਿਲਵਾੜ ਨਾ ਕਰੇ, ਪਰ ਉਸ ਨੇ ਆਪਣੀਆਂ ਜਮਾਤਾਂ ਨੂੰ ਪੜ੍ਹਾ ਕੇ 100 ਫ਼ੀਸਦੀ ਨਤੀਜੇ ਦਿੱਤੇ। ਅੱਜ ਭਾਵੇਂ ਉਹ ਇਸ ਦੁਨੀਆ ਵਿਚ ਨਹੀਂ, ਪਰ ਅੱਜ ਵੀ ਆਪਣੇ ਵਿਦਿਆਰਥੀਆਂ ਦੇ ਮਨਾਂ ਵਿਚ ਵਸਦਾ ਹੈ।
ਸੰਪਰਕ: 98726-27136