ਪੱਤਰ ਪ੍ਰੇਰਕ
ਬਠਿੰਡਾ, 26 ਨਵੰਬਰ
ਰੇਲ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਜ਼ਿਲ੍ਹੇ ਅੰਦਰ ਖਾਦ ਆਉਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਕਿਸਾਨ ਖੁਸ਼ ਹਨ। ਪਿਛਲੇ ਤਿੰਨ ਦਿਨਾਂ ਦੌਰਾਨ ਜ਼ਿਲ੍ਹੇ ਵਿੱਚ ਮਾਲ ਗੱਡੀਆਂ ਦੇ ਵੱਖ-ਵੱਖ ਪੰਜ ਰੈਕਾਂ ਰਾਹੀਂ 8900 ਮੀਟਰਿਕ ਟਨ ਖਾਦ ਪੁੱਜੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਵਾਰ ਕਰੀਬ ਢਾਈ ਲੱਖ ਹੈਕਟੇਅਰ ਕਣਕ ਦੀ ਬਿਜਾਈ ਹੋਣ ਦਾ ਅਨੁਮਾਨ ਹੈ, ਜਿਸ ਵਿੱਚੋਂ ਹੁਣ ਤਕ ਲਗਪਗ ਡੇਢ ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ। ਜ਼ਿਲ੍ਹੇ ਵਿੱਚ ਕਣਕ ਲਈ ਕਰੀਬ 63000 ਮੀਟਰਿਕ ਟਨ ਖਾਦ ਦੀ ਮੰਗ ਵਿੱਚੋਂ ਹੁਣ ਤੱਕ 53487 ਮੀਟਰਿਕ ਟਨ ਖਾਦ ਆ ਚੁੱਕੀ ਹੈ, ਬਾਕੀ ਰਹਿੰਦੀ ਖਾਦ ਵੀ ਜਲਦ ਪਹੁੰਚ ਜਾਵੇਗੀ।
ਬਰਨਾਲਾ (ਖੇਤਰੀ ਪ੍ਰਤੀਨਿਧ): ਸੂਬੇ ਵਿੱਚ ਕਰੀਬ ਦੋ ਮਹੀਨਿਆਂ ਬਾਅਦ ਰੇਲ ਆਵਾਜਾਈ ਬਹਾਲ ਹੋਣ ਨਾਲ ਜਿੱਥੇ ਸਨਅਤੀ ਤੇ ਵਪਾਰਕ ਅਦਾਰਿਆਂ ਵਿੱਚ ਰਾਹਤ ਦਾ ਅਹਿਸਾਸ ਹੈ, ਉੱਥੇ ਹੀ ਯੂਰੀਆ ਖਾਦ ਪੁੱਜਣ ਨਾਲ ਕਿਸਾਨੀ ਨੂੰ ਵੀ ਅਗਾਮੀ ਫ਼ਸਲ ਦੇ ਮੱਦੇਨਜ਼ਰ ਕੁਝ ਧਰਵਾਸ ਮਿਲਿਆ ਹੈ। ਪਿਛਲੇ ਤਿੰਨ ਦਿਨਾਂ ਵਿੱਚ ਮਾਲ ਗੱਡੀਆਂ ਰਾਹੀਂ ਸੰਗਰੂਰ ਤੇ ਧੂਰੀ ਪੁੱਜੀ 1900 ਮੀਟ੍ਰਿਕ ਟਨ ਯੂਰੀਆ ਖਾਦ ਜ਼ਿਲ੍ਹਾ ਬਰਨਾਲਾ ਵਿੱਚ ਪੁੱਜ ਚੁੱਕੀ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਚਰਨਜੀਤ ਸਿੰਘ ਕੈਂਥ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ ਕਰੀਬ 1,13,500 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਹੁੰਦੀ ਹੈ ਅਤੇ ਇਸ ਵਿੱਚੋਂ ਲਗਪਗ 1,13,000 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ। ਜ਼ਿਲ੍ਹੇ ਵਿੱਚ ਕਣਕ ਦੇ ਸੀਜ਼ਨ ਲਈ ਕਰੀਬ 3500 ਮੀਟ੍ਰਿਕ ਟਨ ਯੂਰੀਆ ਦੀ ਲੋੜ ਹੁੰਦੀ ਹੈ, ਜਿਸ ਵਿੱਚੋਂ 1900 ਮੀਟ੍ਰਿਕ ਟਨ ਯੂਰੀਆ ਪਹੁੰਚ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 1624.23 ਮੀਟ੍ਰਿਕ ਟਨ ਯੂਰੀਆ ਪਹਿਲਾਂ ਤੋਂ ਸਟਾਕ ਵਿੱਚ ਮੌਜੂਦ ਸੀ, ਇਸ ਲਈ ਹੁਣ ਫ਼ਸਲਾਂ ਲਈ ਯੂਰੀਆ ਦੀ ਕਮੀ ਨਹੀਂ ਆਵੇਗੀ, ਜੋ ਕਿਸਾਨਾਂ ਲਈ ਵੱਡੇ ਧਰਵਾਸ ਵਾਲੀ ਗੱਲ ਹੈ।