ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 1 ਸਤੰਬਰ
ਇਥੋਂ ਦੀ ਪੁਰਾਣੀ ਕਾਲਕਾ ਸੜਕ ’ਤੇ ਅੱਜ ਸ਼ਾਮ ਇਕ ਕਾਰ ’ਤੇ ਦਰਖ਼ਤ ਡਿੱਗਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਸੜਕ ’ਤੇ ਜਾਮ ਲੱਗ ਗਿਆ। ਰਾਹਗੀਰਾਂ ਨੇ ਟੁੱਟੇ ਦਰਖ਼ਤ ਨੂੰ ਪਾਸੇ ਕਰ ਜਾਮ ਖੁੱਲ੍ਹਵਾਇਆ। ਜਾਣਕਾਰੀ ਅਨੁਸਾਰ ਅੱਜ ਸ਼ਾਮ ਪੁਰਾਣੀ ਕਾਲਕਾ ਸੜਕ ’ਤੇ ਇਕ ਸਫੈਦੇ ਦੇ ਦਰਖ਼ਤ ਤੋਂ ਟਾਹਣਾ ਟੁੱਟ ਕੇ ਸਵਿਫ਼ਟ ਕਾਰ ’ਤੇ ਡਿੱਗ ਗਿਆ। ਟਾਹਣਾ ਕਾਫੀ ਵੱਡਾ ਸੀ। ਹਾਦਸੇ ਵੇਲੇ ਕਾਰ ਵਿੱਚ ਕੋਈ ਵੀ ਵਿਅਕਤੀ ਸਵਾਰ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਦਰਖ਼ਤਾਂ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ ਪਰ ਪ੍ਰਸ਼ਾਸਨ ਇਨ੍ਹਾਂ ਵਲ ਧਿਆਨ ਨਹੀਂ ਦੇ ਰਿਹਾ ਹੈ।