ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ: 30 ਜਨਵਰੀ
‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਇੱਕ ਸਾਜ਼ਿਸ਼ ਤਹਿਤ ਇੱਕ ਐੱਨਜੀਓ ਰਾਹੀਂ ਐੱਮਸੀਡੀ ਦੀ ਸਾਰੀ ਜ਼ਮੀਨ ਆਪਣੇ ਨੇਤਾਵਾਂ ਦੇ ਨਾਂ ’ਤੇ ਵੇਚ ਰਹੀ ਹੈ। ‘ਆਪ’ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਨੇ ਅਸ਼ੋਕ ਵਿਹਾਰ ਦੇ ਕੇਸ਼ਵਪੁਰਮ ਜ਼ੋਨ ਵਿੱਚ ਐੱਮਸੀਡੀ ਦੀ ਜ਼ਮੀਨ ਭਾਜਪਾ ਕੌਂਸਲਰ ਮੰਜੂ ਖੰਡੇਲਵਾਲ ਦੇ ਪਤੀ ਦੀ ਮਲਕੀਅਤ ਵਾਲੀ ਇੱਕ ਐੱਨਜੀਓ ਨੂੰ ਵੇਚ ਦਿੱਤੀ ਹੈ। ਇਹ ਸੰਭਵ ਨਹੀਂ ਹੈ ਕਿ ਐੱਮਸੀਡੀ ਦੇ ਸਹਾਇਕ ਕਮਿਸ਼ਨਰ ਨੇ ਇੰਨਾ ਵੱਡਾ ਫ਼ੈਸਲਾ ਲੈ ਕੇ ਇਹ ਜ਼ਮੀਨ ਭਾਜਪਾ ਕੌਂਸਲਰ ਦੇ ਪਤੀ ਨੂੰ ਦੇ ਦਿੱਤੀ ਤੇ ਭਾਜਪਾ ਦੇ ਪ੍ਰਧਾਨ ਨੂੰ ਇਸ ਬਾਰੇ ਪਤਾ ਨਾ ਹੋਵੇ। ਦੁਰਗੇਸ਼ ਪਾਠਕ ਨੇ ਭਾਜਪਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਪਾਠਕ ਨੇ ਇੱਕ ਡਿਜੀਟਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਝ ਦਸਤਾਵੇਜ਼ ਪੇਸ਼ ਕਰਦਿਆਂ ਕਿਹਾ ਕਿ ਇਸ ਵਿੱਚ ਸਾਫ਼ ਲਿਖਿਆ ਹੈ ਕਿ ਉੱਤਰੀ ਐੱਮਸੀਡੀ ਦੇ ਸਹਾਇਕ ਕਮਿਸ਼ਨਰ ਨੇ ਅਸ਼ੋਕ ਵਿਹਾਰ ਦੇ ਕੇਸ਼ਵਪੁਰਮ ਜ਼ੋਨ ਵਿੱਚ ਇੱਕ ਢਲਾਨ ਵਾਲੀ ਜ਼ਮੀਨ ਇੱਕ ਐੱਨਜੀਓ ਨੂੰ ਦਿੱਤੀ ਸੀ ਜਿਸਦਾ ਨਾਂ ‘ਪੰਚਵਟੀ ਸੋਸ਼ਲ ਵੈੱਲਫੇਅਰ ਸੁਸਾਇਟੀ’ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰਡ ਦੀ ਕੌਂਸਲਰ ਦਾ ਨਾਂ ਮੰਜੂ ਖੰਡੇਲਵਾਲ ਹੈ। ਜਿਸ ਨੂੰ ਇਹ ਜ਼ਮੀਨ ਦਿੱਤੀ ਗਈ ਸੀ, ਉਸ ਦਾ ਪਤੀ ਰਾਜਿੰਦਰ ਕੁਮਾਰ ਹੈ। ਪਹਿਲਾਂ ਭਾਜਪਾ ਨੇਤਾ ਦੇ ਨਾਂ ’ਤੇ ਇੱਕ ਐੱਨਜੀਓ ਬਣਾਈ, ਉਸ ਤੋਂ ਬਾਅਦ ਇਹ ਜ਼ਮੀਨ ਉਸ ਨੂੰ ਦਿੱਤੀ ਗਈ। ਭਾਜਪਾ ਦੇ ਕੌਂਸਲਰ ਨੇ ਖ਼ੁਦ ਲਿਖਿਆ ਹੈ ਕਿ ਇਹ ਜ਼ਮੀਨ ਉਨ੍ਹਾਂ ਨੂੰ ਦਿੱਤੀ ਜਾਵੇ, ਉਹ ਇਸ ਦੀ ਸੰਭਾਲ ਕਰੇਗੀ। ਉਸ ਜ਼ਮੀਨ ’ਤੇ ਪਾਰਕ ਬਣਾਉਣਾ ਹੈ ਜਾਂ ਜੋ ਬਣਾਉਣਾ ਹੈ, ਇਹ ਵੀ ਉਨ੍ਹਾਂ ਦਾ ਫ਼ੈਸਲਾ ਹੋਵੇਗਾ।
ਪਾਠਕ ਨੂੰ ਆਪਣੇ ਕੰਮਾਂ ਵੱਲ ਧਿਆਨ ਦੇਣ ਦੀ ਨਸੀਹਤ ਦਿੱਤੀ
ਕੌਂਸਲਰ ਮੰਜੂ ਖੰਡੇਲਵਾਲ ਨੇ ਕਿਹਾ ਕਿ ‘ਆਪ’ ਵਾਲੇ ਝੂਠ ਬੋਲ ਕੇ ਉਨ੍ਹਾਂ ਦਾ ਹੀ ਪ੍ਰਚਾਰ ਕਰ ਰਹੇ ਹਨ। ਐੱਨਜੀਓ ਪਤੀ ਜਾਂ ਕਿਸੇ ਹੋਰ ਦੀ ਹੋਵੇ ਤਾਂ ਫ਼ਰਕ ਪੈਂਦਾ ਹੈ, ਉਹ ਸਮਾਜ ਸੇਵਾ ਕਰ ਰਹੀ ਹੈ ਤੇ ਇਹ ਅਲਾਟਮੈਂਟ ਸਰਕਾਰੀ ਨੀਤੀ ਤਹਿਤ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੰਗਾ ਹੈ ਕਿ ‘ਆਪ’ ਉਨ੍ਹਾਂ ਦਾ ਪ੍ਰਚਾਰ ਹੀ ਕਰ ਰਹੀ ਹੈ। ਕੌਂਸਲਰ ਨੇ ਸ੍ਰੀ ਪਾਠਕ ਨੂੰ ਆਪਣੇ ਕੰਮਾਂ ਵੱਲ ਧਿਆਨ ਦੇਣ ਦੀ ਨਸੀਹਤ ਵੀ ਦਿੱਤੀ।