ਮੁੰਬਈ: ਬੰਬੇ ਹਾਈ ਕੋਰਟ ਸਾਲ 2018 ਵਿੱਚ ਇੱਕ ਇੰਟੀਰੀਅਰ ਡਿਜ਼ਾਈਨਰ ਨੂੰ ਖ਼ੁਦਕੁਸ਼ੀ ਲਈ ਉਕਸਾਊਣ ਸਬੰਧੀ ਮਾਮਲੇ ’ਚ ਗ੍ਰਿਫ਼ਤਾਰ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਅਤੇ ਦੋ ਹੋਰ ਲੋਕਾਂ ਵੱਲੋਂ ਦਾਖਲ ਅੰਤਰਿਮ ਜ਼ਮਾਨਤ ਅਰਜ਼ੀ ’ਤੇ 9 ਨਵੰਬਰ ਨੂੰ ਫ਼ੈਸਲਾ ਸੁਣਾਏਗੀ। ਜਸਟਿਸ ਐੱਸ.ਐੱਸ. ਸ਼ਿੰਦੇ ਅਤੇ ਐਮ.ਐੱਸ. ਕਾਰਨਿਕ ਦੇ ਬੈਂਚ ਨੇ ਸ਼ਨਿੱਚਰਵਾਰ ਨੂੰ ਅਰਜ਼ੀਆਂ ’ਤੇ ਦਿਨ ਭਰ ਚੱਲੀ ਸੁਣਵਾਈ ਮਗਰੋਂ ਬਿਨਾਂ ਕੋਈ ਰਾਹਤ ਦਿੰਦਿਆਂ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਅਰਨਬ ਗੋਸਵਾਮੀ ਅਤੇ ਦੋ ਹੋਰ ਮੁਲਜ਼ਮਾਂ ਫ਼ਿਰੋਜ਼ ਸ਼ੇਖ ਅਤੇ ਨਿਤੀਸ਼ ਸ਼ਾਰਦਾ ਨੇ ਉਨ੍ਹਾਂ ਦੀ ‘ਨਾਜਾਇਜ਼ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੰਦਿਆਂ ਅੰਤਰਿਮ ਜ਼ਮਾਨਤ ਲਈ ਅਰਜ਼ੀਆਂ ਦਾਖਲ ਕੀਤੀਆਂ ਸਨ। ਹਾਈ ਕੋਰਟ ਦੀ ਵੈੱਬਸਾਈਟ ’ਤੇ ਸ਼ਨਿੱਚਰਵਾਰ ਦੇਰ ਰਾਤ ਜਾਰੀ ਨੋਟਿਸ ’ਚ ਕਿਹਾ ਗਿਆ ਕਿ ਬੈਂਚ 9 ਨਵੰਬਰ ਨੂੰ ਤਿੰਨ ਵਜੇ ਫ਼ੈਸਲਾ ਸੁਣਾਏਗਾ। ਇਸੇ ਦੌਰਾਨ ਅਰਨਬ ਗੋਸਵਾਮੀ ਨੂੰ ਹਿਰਾਸਤ ’ਚ ਮੋਬਾਈਲ ਫੋਨ ਦੀ ਕਥਿਤ ਵਰਤੋਂ ਕਰਨ ਕਰਕੇ ਅੱਜ ਕਰੋਨਾ ਇਕਾਂਤਵਾਸ ਕੇਂਦਰ ਅਲੀਬਾਗ ਤੋਂ ਜ਼ਿਲ੍ਹਾ ਰਾਏਗੜ੍ਹ (ਮਹਾਰਾਸ਼ਟਰ) ਦੀ ਤਾਲੋਜਾ ਜੇਲ੍ਹ ’ਚ ਤਬਦੀਲ ਕਰ ਦਿੱਤਾ ਗਿਆ ਹੈ। ਇੱਕ ਪੁਲੀਸ ਅਧਕਾਰੀ ਨੇ ਦੱਸਿਆ ਕਿ ਗੋੋਸਵਾਮੀ ਨੂੰ ਅਲੀਬਾਗ ਦੇ ਜੇਲ੍ਹ ਦੇ ਕੈਦੀਆਂ ਲਈ ਕੋਵਿਡ-19 ਇਕਾਸਵਾਸ ਵਜੋਂ ਤਿਆਰ ਕੀਤੇ ਸਕੂਲ ’ਚ ਨਿਆਂਇਕ ਹਿਰਾਸਤ ਦੌਰਾਨ ਮੋਬਾਈਲ ਫੋਨ ਦੀ ਕਥਿਤ ਵਰਤੋਂ ਕੀਤੇ ਕਰਦੇ ਪਾਏ ਜਾਣ ਕਾਰਨ ਉਸ ਨੂੰ ਤਾਲੋਜਾ ਜੇਲ੍ਹ ’ਚ ਭੇਜਿਆ ਗਿਆ ਹੈ। ਉਨ੍ਹਾਂ ਮੁਤਾਬਕ ਅਪਰਾਧ ਸ਼ਾਖਾ ਨੂੰ ਪਤਾ ਲੱਗਾ ਸੀ ਕਿ ਗੋਸਵਾਮੀ ਕਿਸੇ ਦੇ ਮੋਬਾਈਲ ਦੀ ਵਰਤੋਂ ਕਰਕੇ ਸੋਸ਼ਲ ਮੀਡੀਆ ’ਤੇ ਸਰਗਰਮ ਹੋਇਆ ਹੈ। -ਪੀਟੀਆਈ