ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਅਕਤੂਬਰ
31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਚੱਲ ਰਹੇ ਰੇਲ ਰੋਕੋ ਅੰਦੋਲਨ ਦੌਰਾਨ ਛੇਵੇਂ ਦਿਨ ਵੀ ਕਿਸਾਨ ਤੇ ਬੀਬੀਆਂ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਧਰਨੇ ’ਤੇ ਡਟੇ ਰਹੇ ਤੇ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਫੈਸਲਿਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਲੰਘੇ ਦਿਨ ਮਹਿਲ ਕਲਾਂ ਟੌਲ ਪਲਾਜ਼ੇ ’ਤੇ ਜਮਹੂਰੀ ਅਧਿਕਾਰ ਸਭਾ ਦੇ ਆਗੂ ਯਸ਼ਪਾਲ ਸਿੰਘ ਮਹਿਲ ਕਲਾਂ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਆਗੂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ ਤੇ ਉਸਨੂੰ ਸ਼ਹੀਦ ਕਰਾਰ ਦਿੱਤਾ ਗਿਆ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੇਂਦਰ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਐਲਾਨ ਕੀਤਾ ਕਿ ਉਹ ਖੇਤੀ ਮਾਰੂ ਕਾਲੇ ਕਾਨੂੰਨ ਵਾਪਸ ਕਰਵਾ ਕੇ ਦਮ ਲੈਣਗੇ। ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਸਕੱਤਰ ਮੇਜਰ ਸਿੰਘ ਪੁੰਨਾਵਾਲ ਨੇ ਕਿਹਾ ਕਿ ਭਲਕੇ 7 ਅਕਤੂਬਰ ਨੂੰ ਚੰਡੀਗੜ੍ਹ ’ਚ ਕਿਸਾਨ ਜਥੇਬੰਦੀਆਂ ਦੀ ਹੋਣ ਵਾਲੀ ਮੀਟਿੰਗ ’ਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਹੋਵੇਗਾ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ ਨੇ ਕਿਹਾ ਕਿ ਆਰਐੱਸਐੱਸ ਦਫ਼ਤਰ ਅੱਗੇ ਨੌਜਵਾਨਾਂ ਵੱਲੋਂ ਕੀਤੇ ਪ੍ਰਦਰਸ਼ਨ ਨੂੰ ਸੰਗਰੂਰ ਦਾ ਪ੍ਰਸ਼ਾਸਨ ਤੇ ਬੀਜੇਪੀ ਮਿਲ ਕੇ ਫਿਰਕੂ ਰੰਗ ਦੇਣਾ ਚਾਹੁੰਦੇ ਹਨ ਜਦੋਂਕਿ ਕਿਸਾਨ ਜਥੇਬੰਦੀਆਂ ਦ੍ਰੜ੍ਹਿਤਾ ਨਾਲ ਸੰਘਰਸ਼ ਨੂੰ ਸਮੁੱਚੇ ਭਾਈਚਾਰੇ ਦਾ ਸੰਘਰਸ਼ ਬਣਾ ਕੇ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਭਾਜਪਾ ਦੀਆਂ ਫਿਰਕੂ ਚਾਲਾਂ ਦਾ ਡਟਵਾਂ ਜਵਾਬ ਦਿੱਤਾ ਜਾਵੇਗਾ। ਬੀਕੇਯੂ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਸੂਬਾ ਸਕੱਤਰ ਹਰਦੇਵ ਸਿੰਘ ਦਰੋਗੇਵਾਲ, ਕੁਲਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਸੂਬਾ ਆਗੂ ਹਰਨੇਕ ਸਿੰਘ ਬਮਾਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ ਢੱਡਰੀਆਂ, ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨਿਰੰਜਣ ਸਿੰਘ ਦੋਹਲਾ, ਜਮੂਹਰੀ ਕਿਸਾਨ ਸਭਾ ਦੇ ਸੂਬਾ ਆਗੂ ਭਰਪੂਰ ਸਿੰਘ ਦੁੱਗਾਂ, ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਹਿਗੜ੍ਹ ਭਾਦਸੋਂ ਤੇ ਕਿਸਾਨ ਆਗੂ ਅਤਬਾਰ ਸਿੰਘ ਬਾਦਸ਼ਾਹਪੁਰ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਪੰਜਾਬ ਤੋਂ ਸ਼ੁਰੂ ਹੋ ਕੇ ਹਰਿਆਣਾ, ਯੂਪੀ, ਕਰਨਾਟਕ ਸਮੇਤ ਦੇਸ਼ ਦੇ ਵੱਖ ਵੱਖ ਸੂਬਿਆਂ ’ਚ ਕਿਸਾਨ ਸੰਘਰਸ਼ ਵਧ ਰਿਹਾ ਹੈ ਤੇ ਦੇਸ਼ ਭਰ ’ਚ ਭਾਜਪਾ ਤੇ ਆਰਐੱਸਐੱਸ ਖ਼ਿਲਾਫ਼ ਰੋਸ ਤਿੱਖਾ ਹੁੰਦਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂਆਂ ’ਤੇ ਦਰਜ ਕੀਤਾ ਕੇਸ ਰੱਦ ਕਰਕੇ ਬਿਨਾਂ ਸ਼ਰਤ ਰਿਹਾਅ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਸ਼ਹਿਰ ’ਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ।
ਸ਼ੰਭੂ ਬੈਰੀਅਰ ’ਤੇ ਪੰਜਾਬੀ ਗਾਇਕਾਂ ਦੀ ਅਗਵਾਈ ’ਚ ਧਰਨਾ ਜਾਰੀ
ਰਾਜਪੁਰਾ (ਪੱਤਰ ਪ੍ਰੇਰਕ) ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਉਘੇ ਪੰਜਾਬੀ ਗਾਇਕ ਦੀਪ ਸਿੱਧੂ ਦੀ ਅਗਵਾਈ ਵਿੱਚ ਇਸ ਖੇਤਰ ਵਿੱਚੋਂ ਗੁਜਰਦੇ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ’ਤੇ ਸ਼ੰਭੂ ਬੈਰੀਅਰ ’ਤੇ ਰੋਸ ਧਰਨਾ ਜਾਰੀ ਹੈ। ਧਰਨੇ ਵਿੱਚ ਵੱਡੀ ਗਿਣਤੀ ਕਿਸਾਨ ਤੇ ਨੌਜਵਾਨ ਵਰਗ ਆਪ ਮੁਹਾਰੇ ਸ਼ਿਰਕਤ ਕਰਦਿਆਂ ਕੇਂਦਰ ਸਰਕਾਰ ਤੋਂ ਪੰਜਾਬ ਦੀ ਕਿਸਾਨੀ ਲਈ ਤਬਾਹਕੁਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ। ਇਸ ਮੌਕੇ ਧਰਨਾਕਾਰੀਆਂ ਵੱਲੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਉੱਘੇ ਪੰਜਾਬੀ ਗਾਇਕ ਦੀਪ ਸਿੱਧੂ, ਹਾਕਮ ਸਿੰਘ, ਦਲਜੀਤ ਕਲਸੀ, ਗੁਰਜੀਤ ਸਿੰਘ ਯੂ.ਐਸ.ਏ, ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਭਾਈ ਬਰਜਿੰਦਰ ਸਿੰਘ ਪਰਵਾਨਾ, ਰਵਿੰਦਰ ਸਿੰਘ ਖਾਲਸਾ ਸਮੇਤ ਹੋਰਨਾਂ ਬੁਲਾਰਿਆਂ ਨੇ ਕੇਂਦਰ ਦੀ ਨਰਿੰਦਰ ਮੋਦੀ ਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਇਹ ਸਰਕਾਰਾਂ ਪੰਜਾਬ ਦੇ ਕਿਸਾਨਾਂ ਨਾਲ ਖਿਲਵਾੜ ਕਰ ਰਹੀਆਂ ਹਨ। ਕੇਂਦਰ ਸਰਕਾਰ ਖੇਤੀ ਕਾਨੂੰਨ ਲਾਗੂ ਕਰਕੇ ਪੰਜਾਬ ਦੀ ਕਿਸਾਨੀ, ਆੜ੍ਹਤੀ, ਮਜ਼ਦੂਰ ਤੇ ਸਮਾਜ ਦੇ ਹੋਰਨਾਂ ਵਰਗਾਂ ਸਮੇਤ ਸਮੁੱਚੀ ਆਰਥਿਕਤਾ ਨੂੰ ਤਬਾਹ ਕਰਨ ਦੇ ਰਾਹ ਤੁਲੀ ਹੋਈ ਹੈ। ਅਜਿਹਾ ਮੋਦੀ ਸਰਕਾਰ ਵੱਲੋਂ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ ਹੈ।