ਲਖਵਿੰਦਰ ਸਿੰਘ
ਮਲੋਟ, 30 ਜਨਵਰੀ
ਸ਼ਹਿਰ ਦੀ ਸ਼ਾਨ ਕਹਾਉਂਦੀ ਅਰਬਾਂ ਰੁਪਇਆਂ ਦੀ ਜਾਇਦਾਦ ਦੀ ਮਾਲਕੀ ਵਾਲੀ 60-70 ਸਾਲ ਪੁਰਾਣੀ ‘ਦਿ ਐਡਵਰਡਗੰਜ ਪਬਲਿਕ ਵੈਲਫੇਅਰ ਐਸੋਸੀਏਸ਼ਨ’ ਆਪਣੀ ਪਛਾਣ ਤੇ ਹੋਂਦ ਨੂੰ ਲਗਾਤਾਰ ਗਵਾਉਂਦੀ ਜਾ ਰਹੀ ਹੈ। ਲੰਮੇਂ ਸਮੇਂ ਤੋਂ ਅਸਿੱਧੇ ਰੂਪ ਵਿੱਚ ਇਸ ਸੰਸਥਾ ’ਤੇ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਸਿਆਸੀ ਲੋਕ ਕਾਬਜ਼ ਹਨ। ਇਸ ਸੰਸਥਾ ਕੋਲ ਸ਼ਹਿਰ ਵਿੱਚ ਅਤੇ ਆਸਪਾਸ ਬੇਸ਼ੁਮਾਰ ਜਾਇਦਾਦ ਹੈ। ਸਵਿਧਾਨ ਅਨੁਸਾਰ ਇਸ ਦੇ ਅਹੁਦੇਦਾਰਾਂ ਦੀ ਚੋਣ ਕੇਵਲ ਸੰਸਥਾ ਦੇ ਫਾਊਂਡਰ ਮੈਂਬਰ ਹੀ ਕਰ ਸਕਦੇ ਹਨ ਪਰ ਇਸ ਸੰਸਥਾ ਦੀ ਕਮੇਟੀ ਨੂੰ ਸਵਿਧਾਨਕ ਤਰੀਕੇ ਨਾਲ ਨਹੀਂ ਚੁਣਿਆ ਜਾਂਦਾ, ਬਲਕਿ ਜਿਹੜੀ ਵੀ ਸਿਆਸੀ ਪਾਰਟੀ ਦੀ ਸਰਕਾਰ ਬਣਦੀ ਹੈ, ਉਹ ਸਿੱਧੇ-ਅਸਿੱਧੇ ਤਰੀਕੇ ਇਸ ’ਤੇ ਕਾਬਜ਼ ਹੋ ਜਾਂਦੀ ਹੈ। ਕਾਂਗਰਸ ਸਰਕਾਰ ਨੇ ਤਾਂ ਪੰਜ ਸਾਲ ਆਪਣਾ ਦਫ਼ਤਰ ਹੀ ਇਸ ਸੰਸਥਾ ਦੇ ਇੱਕ ਆਲੀਸ਼ਾਨ ਗੈਸਟ ਹਾਊਸ ’ਚੋਂ ਚਲਾਇਆ ਹੈ। ਹੁਣ ਸ਼ਹਿਰ ਦੇ ਲੋਕਾਂ ਦੀ ਮੰਗ ਹੈ ਕਿ ਇਸ ਸੰਸਥਾ ਦਾ ਪਿਛਲੇ 10 ਸਾਲਾਂ ਦਾ ਵੇਚੇ-ਵੱਟੇ ਦਾ ਆਡਿਟ ਕਰਵਾਇਆ ਜਾਵੇ ਅਤੇ ਕੇਂਦਰੀ ਜਾਂਚ ਏਜੰਸੀ ਇਸ ਦੀ ਪੜਤਾਲ ਕਰੇ। ਉਧਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਜੇਕਰ ਉਹ ਸੱਤਾ ’ਚ ਆਉਂਦੇ ਹਨ ਤਾਂ ਉਹ ਇਸ ਸੰਸਥਾ ਨੂੰ ਜ਼ਰੂਰ ਲੋਕਾਂ ਦੇ ਸਮਰਪਿਤ ਕਰਨਗੇ।