ਨਵੀਂ ਦਿੱਲੀ, 15 ਮਈ
ਲਗਪਗ 40 ਕਿਸਾਨ ਜਥੇਬੰਦੀਆਂ ’ਤੇ ਅਧਾਰਤ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਥੇਬੰਦੀ ਵੱਲੋਂ ਦਿੱਲੀ ਦੇ ਬਾਰਡਰਾਂ ’ਤੇ ਕੀਤੇ ਜਾ ਰਹੇ ਸੰਘਰਸ਼ ਦੇ ਛੇ ਮਹੀਨੇ ਪੂਰੇ ਹੋਣ ’ਤੇ 26 ਮਈ ਨੂੰ ‘ਕਾਲਾ ਦਿਵਸ’ ਮਨਾਇਆ ਜਾਵੇਗਾ।
ਇੱਥੇ ਇੱਕ ਵਰਚੁਅਲ ਪ੍ਰੈੱਸ ਕਾਨਫਰੰਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਵਜੋਂ 26 ਮਈ ਨੂੰ ਆਪਣੇ ਘਰਾਂ, ਵਾਹਨਾਂ ਤੇ ਦੁਕਾਨਾਂ ’ਤੇ ਕਾਲੇ ਝੰਡੇ ਲਾਉਣ। ਉਨ੍ਹਾਂ ਕਿਹਾ,‘26 ਮਈ ਨੂੰ ਸਾਡੇ ਸੰਘਰਸ਼ ਨੂੰ ਛੇ ਮਹੀਨੇ ਪੂਰੇ ਹੋ ਜਾਣਗੇ ਅਤੇ ਇਸੇ ਦਿਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਰਕਾਰ ਬਣਾਇਆਂ ਸੱਤ ਸਾਲ ਪੂਰੇ ਹੋ ਜਾਣਗੇ। ਅਸੀਂ ਇਸ ਦਿਨ ਨੂੰ ‘ਕਾਲੇ ਦਿਵਸ’ ਵਜੋਂ ਮਨਾਵਾਂਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 26 ਮਈ ਨੂੰ ‘ਕਾਲਾ ਦਿਵਸ’ ਵਜੋਂ ਮਨਾਉਣ ’ਚ ਸਾਥ ਦੇਣ। ਉਨ੍ਹਾਂ ਕਿਹਾ,‘ਅਸੀਂ ਮੁਲਕ ਦੇ ਲੋਕਾਂ ਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਦਿਨ ਆਪਣੇ ਘਰਾਂ, ਦੁਕਾਨਾਂ, ਟਰੱਕਾਂ ਤੇ ਹੋਰ ਵਾਹਨਾਂ ’ਤੇ ਕਾਲੇ ਝੰਡੇ ਲਾਉਣ। ਅਸੀਂ ਮੁਜ਼ਾਹਰੇ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਵੀ ਫੂਕਾਂਗੇ।’ ਦੱਸਣਯੋਗ ਹੈ ਕਿ 26 ਨਵੰਬਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਖੇਤੀ ਕਾਨੂੁੰਨਾਂ ਖਿਲਾਫ਼ ‘ਦਿੱਲੀ ਚੱਲੋ’ ਮੁਹਿੰਮ ਤਹਿਤ ਜਲ ਤੋਪਾਂ ਤੇ ਪੁਲੀਸ ਰੋਕਾਂ ਨੂੰ ਪਾਰ ਕਰਦਿਆਂ ਦਿੱਲੀ ਦੇ ਬਾਰਡਰਾਂ ’ਤੇ ਪੁੱਜੇ ਸਨ। ਇਸ ਮਗਰੋਂ ਮੁਲਕ ਭਰ ’ਚੋਂ ਹਜ਼ਾਰਾਂ ਕਿਸਾਨ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਬਾਰਡਰ ’ਤੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਂਦੇ ਰਹੇ ਹਨ। ਸ੍ਰੀ ਰਾਜੇਵਾਲ ਨੇ ਕਿਹਾ ਕਿ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੀ ਉਨ੍ਹਾਂ ਦੀ ਮੰਗ ਨਹੀਂ ਸੁਣੀ ਹੈ ਤੇ ਖਾਦਾਂ, ਡੀਜ਼ਲ ਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨਾਲ ਖੇਤੀਬਾੜੀ ਕਰਨਾ ਸੰਭਵ ਨਹੀਂ ਹੈ। ਦੱਸਣਯੋਗ ਹੈ ਕਿ ਹਜ਼ਾਰਾਂ ਕਿਸਾਨ ਨਵੰਬਰ 2020 ਤੋਂ ਤਿੰਨ ਖੇਤੀ ਵਾਪਸ ਕਰਵਾਉਣ ਦੀ ਮੰਗ ਲਈ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਹਨ। ਹਾਲਾਂਕਿ ਮੁਜ਼ਾਹਰਾਕਾਰੀਆਂ ਨਾਲ ਕਈ ਵਾਰ ਗੱਲਬਾਤ ਕਰ ਚੁੱਕੀ ਸਰਕਾਰ ਦਾ ਦਾਅਵਾ ਹੈ ਕਿ ਇਹ ਕਾਨੂੰਨ ਕਿਸਾਨ-ਪੱਖੀ ਹਨ। -ਪੀਟੀਆਈ
ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ, ਸ਼ਹੀਦ ਸੁਖਦੇਵ ਤੇ ਅਭੈ ਸੰਧੂ ਨੂੰ ਸ਼ਰਧਾਂਜਲੀ ਭੇਟ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ, ਸ਼ਹੀਦ ਸੁਖਦੇਵ ਤੇ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਪੰਜ ਫ਼ੈਸਲੇ ਕੀਤੇ ਗਏ ਜਿਨ੍ਹਾਂ ’ਚ 26 ਮਈ ਨੂੰ ‘ਕਾਲਾ ਦਿਵਸ’ ਦੇ ਰੂਪ ’ਚ ਦੇਸ਼ ਭਰ ਵਿੱਚ ਮਨਾਉਣ ਦਾ ਫ਼ੈਸਲਾ ਸ਼ਾਮਲ ਹੈ। ਦੂਜੇ ਮਤੇ ਵਿੱਚ ‘ਮਿਸ਼ਨ ਯੂਪੀ ਤੇ ਉੱਤਰਾਖੰਡ’ ਲਈ ਯੁੱਧਵੀਰ ਸਿੰਘ ਦੀ ਜ਼ਿੰਮੇਵਾਰੀ ਦੀ ਲਾਈ ਗਈ। ਤੀਜੇ ਮਤੇ ’ਚ ਆਲ ਇੰਡੀਆ ਕਾਨਫਰੰਸ ਦੀਆਂ ਤਿਆਰੀਆਂ ਵਿੱਢਣ ਬਾਰੇ ਚਰਚਾ ਕੀਤੀ ਗਈ। ਚੌਥੇ ਮਤੇ ’ਚ ਕਰੋਨਾ ਬਿਮਾਰੀ ਦੀ ਰੋਕਥਾਮ ਲਈ ਸਰਕਾਰ ਦੀ ਨਾਕਾਮੀ ਦੀ ਨਿੰਦਾ ਕੀਤੀ ਗਈ ਤੇ ਨਾਗਰਿਕਾਂ ਨੂੰ ਮੁਫ਼ਤ ਇਲਾਜ ਦੀ ਮੰਗ ਕੇਂਦਰ ਤੋਂ ਕੀਤੀ ਗਈ। ਪੰਜਵੇਂ ਮਤੇ ਮੁਤਾਬਕ ਮੋਰਚੇ ਵੱਲੋਂ ਅਗਲੇ ਦਿਨਾਂ ਦੌਰਾਨ ਦਿੱਲੀ ਦੇ ਧਰਨਿਆਂ ’ਤੇ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਬਣਾਈਆਂ ਜਾਣ ਵਾਲੀਆਂ ਕਮੇਟੀਆਂ ਦੇ ਨਾਂ ਐਲਾਨੇ ਜਾਣਗੇ।