ਪੱਤਰ ਪ੍ਰੇਰਕ
ਮਾਨਸਾ, 30 ਜਨਵਰੀ
ਮਾਨਸਾ ਟਰੈਫ਼ਿਕ ਪੁਲੀਸ ਵੱਲੋਂ ਮਿੱਟੀ ਢੋਹਣ ਵਾਲੇ ਟਰੈਕਟਰ-ਟਰਾਲੀਆਂ ਦੇ ਚਲਾਨ ਕੱਟਣ ਦਾ ਮਾਮਲਾ ਉਸ ਵੇਲੇ ਭੱਖ ਗਿਆ, ਜਦੋਂ ਟਰਾਲੀ ਚਾਲਕਾਂ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਉੱਤਰ ਆਈਆਂ। ਚਲਾਨ ਕੱਟਣ ਤੋਂ ਕਿਸਾਨ ਜਥੇਬੰਦੀਆਂ ਨੇ ਸਿਰਸਾ-ਲੁਧਿਆਣਾ ਮੁੱਖ ਮਾਰਗ ’ਤੇ ਜਾਮ ਲਾ ਦਿੱਤਾ, ਜਿਸ ਕਾਰਨ ਪਟਿਆਲਾ, ਚੰਡੀਗੜ੍ਹ ਅਤੇ ਬਠਿੰਡਾ ਸ਼ਹਿਰਾਂ ਨੂੰ ਜਾਣ ਵਾਲੀ ਆਵਾਜਾਈ ਠੱਪ ਹੋ ਗਈ। ਇਸ ਮਾਮਲੇ ਦੀ ਭਿਣਕ ਜਦੋਂ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਪਈ ਤਾਂ ਉਹ ਤੁਰੰਤ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਪੁੱਜੇ ਅਤੇ ਪੂਰੀ ਗੱਲ ਸੁਣਨ ਤੋਂ ਬਾਅਦ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਅੱਗੇ ਤੋਂ ਕੋਈ ਤਕਲੀਫ਼ ਪੈਦਾ ਨਹੀਂ ਹੋਣ ਦਿੱਤੀ ਜਾਵੇਗੀ।
ਇਹ ਧਰਨਾ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਲਗਾਇਆ ਗਿਆ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੋਸ਼ ਲਾਇਆ ਕਿ ਇਨ੍ਹਾਂ ਟਰਾਲੀਆਂ ਦੇ ਧੜਾ-ਧੜ ਚਲਾਨ ਕੱਟੇ ਜਾ ਰਹੇ ਹਨ, ਜਿਸ ਤੋਂ ਪੈਦਾ ਹੋਈ ਸਮੱਸਿਆ ਕਾਰਨ ਟਰੈਕਟਰ-ਟਰਾਲੀ ਚਾਲਕਾਂ ਨੇ ਕਿਸਾਨ ਜਥੇਬੰਦੀਆਂ ਕੋਲ ਆਪਣਾ ਦੁੱਖ ਦੱਸਿਆ ਅਤੇ ਜਦੋਂ ਪੁਲੀਸ ਵੱਲੋਂ ਕੋਈ ਵੀ ਗੱਲ ਨਾ ਸੁਣੀ ਗਈ ਤਾਂ ਉਨ੍ਹਾਂ ਅੱਕੇ ਜਾਮ ਲਾ ਦਿੱਤਾ। ਟਰੈਫਿਕ ਪੁਲੀਸ ਦੇ ਇੰਚਾਰਜ ਜਗਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਟਰੈਕਟਰ-ਟਰਾਲੀਆਂ ਉਪਰ ਜ਼ੋਰਦਾਰ ਅਵਾਜ਼ ਵਿੱਚ ਮਿਊਜ਼ਿਕ ਚੱਲਦਾ ਸੀ ਅਤੇ ਇਨ੍ਹਾਂ ਉਪਰ ਮਿੱਟੀ ਢਕੀ ਨਹੀਂ ਹੋਈ ਸੀ ਤੇ ਕਿਸੇ ਵੀ ਚਾਲਕ ਕੋਲ ਕੋਈ ਦਸਤਾਵੇਜ਼ ਨਹੀਂ ਸਨ। ਉਨ੍ਹਾਂ ਕਿਹਾ ਕਿ ਉਕਤ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਹੀ ਇਨ੍ਹਾਂ ਦੇ ਚਲਾਨ ਕੱਟੇ ਗਏ ਹਨ।