ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜਨਵਰੀ
ਸ਼ਹਿਰ ਵਿੱਚ ਅੱਜ ਨਿਕਲੀ ਧੁੱਪ ਨੇ ਠੰਢ ਤੋਂ ਕੁਝ ਰਾਹਤ ਦਿੱਤੀ ਹੈ ਪਰ ਮੌਸਮ ਵਿਭਾਗ ਅਨੁਸਾਰ 2 ਫਰਵਰੀ ਤੋਂ ਮੌਸਮ ਦਾ ਮਿਜ਼ਾਜ ਮੁੜ ਵਿਗੜ ਸਕਦਾ ਹੈ ਤੇ ਬੱਦਲਵਾਈ ਦੌਰਾਨ ਬਾਰਸ਼ ਵੀ ਹੋ ਸਕਦੀ ਹੈ। ਇਸ ਦਾ ਅਸਰ ਟ੍ਰਾਈਸਿਟੀ ਵਿੱਚ ਦੇਖਣ ਨੂੰ ਮਿਲੇਗਾ। ਇਸੇ ਦੌਰਾਨ ਤੇਜ਼ ਹਵਾਵਾਂ ਨਾਲ ਮੌਸਮ ਠੰਢਾ ਰਹੇਗਾ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 19.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਘੱਟ ਸੀ ਤੇ ਘੱਟੋ-ਘੱਟ ਤਾਪਮਾਨ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 2 ਤੋਂ 4 ਫਰਵਰੀ ਤੱਕ ਪੱਛਮੀ ਵਿਗਾੜ ਦੇ ਚਲਦਿਆਂ ਸ਼ਹਿਰ ਵਿੱਚ ਕਿਣਮਿਣ ਹੋਵੇਗੀ। ਇਸ ਤੋਂ ਇਲਾਵਾ ਵੀ ਅਗਲੇ ਦੋ ਦਿਨ ਟ੍ਰਾਈਸਿਟੀ ਵਿੱਚ 15 ਤੋਂ 25 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।