ਜੋਗਿੰਦਰ ਸਿੰਘ ਮਾਨ
ਮਾਨਸਾ, 13 ਅਪਰੈਲ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਜਿਹੜੀਆਂ ਨਵੀਂਆਂ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ ਹੈ, ਉਹ ਬੱਸਾਂ ਹੁਣ ਬਿਨਾਂ ਰਜਿਸਟਰੇਸ਼ਨ ਕਰਵਾਇਆ ਸ਼ਰ੍ਹੇਆਮ ਸੜਕਾਂ ’ਤੇ ਦੌੜ ਰਹੀਆਂ ਹਨ। ਇਨ੍ਹਾਂ ਬੱਸਾਂ ਦੇ ਅੱਗੇ-ਪਿੱਛੇ ਕੋਈ ਨੰਬਰ ਨਹੀਂ ਲਿਖਿਆ ਹੋਇਆ। ਇਨ੍ਹਾਂ ਬੱਸਾਂ ਨੂੰ ਕਦੇ ਕਿਸੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਜਾਂ ਟ੍ਰੈਫਿਕ ਪੁਲੀਸ ਅਧਿਕਾਰੀ ਨੇ ਨਹੀਂ ਰੋਕਿਆ, ਜਦੋਂਕਿ ਆਮ ਵਹਨਾਂ ਉਪਰ ਮੋਟੇ ਅੱਖਰਾਂ ’ਚ ਨੰਬਰ ਲਿਖਿਆ ਜਾਣਾ ਲਾਜ਼ਮੀ ਹੈ। ਪੀ.ਆਰ.ਟੀ.ਸੀ ਦੇ ਸਮੁੱਚੇ ਪ੍ਰਬੰਧਾਂ ਦੀ ਦੇਖ-ਰੇਖ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਕਰਦੀ ਆ ਰਹੀ ਹੈ।
ਇਹ ਸਾਰੀਆਂ ਬੱਸਾਂ ਅੱਜ ਕੱਲ੍ਹ ਪੰਜਾਬ ਵਿਚਲੇ ਆਪਣੇ ਰੂਟਾਂ ’ਤੇ ਚੱਲਦੀਆਂ ਹਨ। ਇਹ ਬੱਸਾਂ ਰਾਜ ਹਰਿਆਣਾ ਦੇ ਸਿਰਸਾ, ਡੱਬਾਂਵਾਲੀ, ਅੰਬਾਲਾ, ਰਤੀਆ, ਜਾਖ਼ਲ ਸਣੇ ਚੰਡੀਗੜ੍ਹ ਰੂਟਾਂ ’ਤੇ ਸ਼ਰ੍ਹੇਆਮ ਘੂਕਦੀਆਂ ਹਨ, ਪਰ ਇਨ੍ਹਾਂ ਬੱਸਾਂ ’ਤੇ ਅਜੇ ਤੱਕ ਰਜਿਸਟ੍ਰੇਸ਼ਨ ਨੰਬਰ ਨਹੀਂ ਲਿਖਿਆ ਹੋਇਆ। ਮਾਨਸਾ ਦੇ ਬੱਸ ਸਟੈਂਡ ’ਚੋਂ ਅਨੇਕਾਂ ਪਾਸੇ ਅਜਿਹੀਆਂ ਬਿਨਾਂ ਨੰਬਰ ਵਾਲੀਆਂ ਬੱਸਾਂ ਅੱਜ ਜਾਂਦੀਆਂ ਆਉਂਦੀਆਂ ਆਮ ਵੇਖੀਆਂ ਗਈਆਂ ਹਨ।
ਪਤਾ ਲੱਗਿਆ ਹੈ ਕਿ ਇਹ ਬੱਸਾਂ ਬਠਿੰਡਾ ਡਿੱਪੂ ਸਮੇਤ ਬੁਢਲਾਡਾ, ਪਟਿਆਲਾ, ਸੰਗਰੂਰ, ਬਰਨਾਲਾ, ਚੰਡੀਗੜ੍ਹ, ਕਪੂਰਥਲਾ, ਫਰੀਦਕੋਟ, ਲੁਧਿਆਣਾ ਡਿੱਪੂਆਂ ’ਚ ਆਈਆਂ ਹੋਈਆਂ ਹਨ ਤੇ ਡਿੱਪੂਆਂ ’ਚੋਂ ਸਵੇਰੇ ਆਪਣੇ ਰੂਟਾਂ ’ਤੇ ਨਿਕਲਦੀਆਂ ਹਨ। ਇਨ੍ਹਾਂ ਬੱਸਾਂ ਲਈ ਬੱਸ ਅੱਡਿਆਂ ਵਿੱਚੋਂ ਬਕਾਇਦਾ ਰੂਪ ਵਿੱਚ ਪਰਚੀ ਕੱਟੀ ਜਾਂਦੀ ਹੈ ਅਤੇ ਉਸ ਪਰਚੀ ਉਪਰ ਅਪਲਾਈਡ ਫਾਰ ਲਿਖਿਆ ਜਾਂਦਾ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਇਨ੍ਹਾਂ ਨਵੀਆਂ ਬੱਸਾਂ ਉਪਰ ਇਕੱਲਾ ਨੰਬਰ ਹੀ ਨਹੀਂ ਲਿਖਿਆ ਹੋਇਆ, ਸਗੋਂ ਇਨ੍ਹਾਂ ਨਵੀਆਂ ਬੱਸਾਂ ਵਿੱਚ ਅਜੇ ਤੱਕ ਸ਼ਿਕਾਇਤ ਕਿਤਾਬਚਾ (ਕੰਪਲੇਟ ਬੁੱਕ) ਵੀ ਨਹੀਂ ਹੈ।
ਇਸੇ ਦੌਰਾਨ ਟਰਾਂਸਪੋਰਟ ਮਹਿਕਮੇ ਨਾਲ ਜੁੜੇ ਐਡਵੋਕੇਟ ਹਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀ ਕਾਨੂੰਨ ਲਾਗੂ ਕਰਨ ਦੀਆਂ ਭਾਵੇਂ ਵੱਡੀਆਂ-ਵੱਡੀਆਂ ਫੜ੍ਹਾਂ ਮਾਰਦੇ ਹਨ, ਪਰ ਸਰਕਾਰੀ ਬੱਸਾਂ ਉਪਰ ਅਜਿਹੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਕਦੇ ਗੰਭੀਰ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਕਾਨੂੰਨ ਸਵਾਰੀਆਂ ਦੀ ਸੇਵਾ ਕਰਦਿਆਂ ਪ੍ਰਾਈਵੇਟ ਬੱਸਾਂ ’ਤੇ ਲਾਗੂ ਹੁੰਦੇ ਹਨ, ਉਹੀ ਹੁਕਮ ਸਰਕਾਰੀ ਬੱਸਾਂ ’ਤੇ ਵੀ ਲਾਗੂ ਹੋਣੇ ਚਾਹੀਦੇ ਹਨ।