ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 28 ਅਕਤੂਬਰ
ਮਾਨਵਤਾ, ਧਰਮ ਨਿਰਪੱਖਤਾ ਤੇ ਵਿਗਿਆਨਕ ਚੇਤਨਾ ਨੂੰ ਪ੍ਰਣਾਈ ਰਾਸ਼ਟਰੀ ਸੰਸਥਾ ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨ (ਫੀਰਾ) ਦੀ ਦੋ ਰੋਜ਼ਾ ਕੌਮੀ ਕਾਨਫਰੰਸ ਭਲਕੇ 29 ਅਤੇ 30 ਅਕਤੂਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿੱਚ ਹੋ ਰਹੀ ਹੈ। ਇਸ ਵਿਚ ਕਰਨਾਟਕ, ਉੜੀਸਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਝਾਰਖੰਡ, ਰਾਜਸਥਾਨ, ਉੱਤਰਾਖੰਡ ਤੇ ਕੇਰਲਾ ਆਦਿ ਸੂਬਿਆਂ ਤੋਂ 140 ਡੈਲੀਗੇਟ ਸ਼ਾਮਲ ਹੋਣਗੇ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕੌਮੀ ਤੇ ਕੌਮਾਂਤਰੀ ਤਾਲਮੇਲ ਵਿਭਾਗ ਦੇ ਮੁਖੀ ਜਸਵੰਤ ਮੁਹਾਲੀ ਅਤੇ ਸੰਗਰੂਰ-ਬਰਨਾਲਾ ਜ਼ੋਨ ਦੇ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਦੱਸਿਆ ਕਿ ਇਸ ਕਾਨਫਰੰਸ ਦੇ ਉਦਘਾਟਨੀ ਸਮਾਗਮ ਵਿੱਚ ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।