ਪਾਲ ਸਿੰਘ ਨੌਲੀ
ਜਲੰਧਰ, 2 ਸਤੰਬਰ
ਪਤੀ ਤੋਂ ਤੰਗ ਆ ਕੇ ਇੱਥੇ ਔਰਤ ਨੇ ਜ਼ਹਿਰ ਖਾ ਕੇ ਖੁ਼ਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਕਿਰਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ, ਜੋ ਹੁਣ ਆਪਣੇ ਮਾਪਿਆਂ ਕੋਲ ਬਸਤੀ ਪੀਰਦਾਦ ਆ ਕੇ ਰਹਿੰਦੀ ਸੀ। ਬਸਤੀ ਬਾਵਾ ਖੇਲ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾ ਕਿਰਨਜੀਤ ਕੌਰ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਲਗਪਗ ਨੌਂ ਸਾਲ ਪਹਿਲਾਂ ਬਲਵਿੰਦਰ ਸਿੰਘ ਨਾਲ ਤਰਨਤਾਰਨ ’ਚ ਹੋਇਆ। ਵਿਆਹ ਤੋਂ ਬਾਅਦ ਪਤਾ ਲੱਗਾ ਕਿ ਬਲਵਿੰਦਰ ਨਸ਼ੇੜੀ ਹੈ। ਦੋਵਾਂ ’ਚ ਝਗੜਾ ਰਹਿਣ ਲੱਗਾ। ਇਸ ਦੌਰਾਨ ਉਸ ਦੀਆਂ ਦੋ ਧੀਆਂ ਵੀ ਹੋਈਆਂ ਪਰ ਪਤੀ ਪਤਨੀ ਵਿੱਚ ਕਲੇਸ਼ ਵੱਧਦਾ ਰਿਹਾ। ਛੇ ਮਹੀਨੇ ਪਹਿਲਾਂ ਕਿਰਨਜੀਤ ਕੌਰ ਮਾਪਿਆਂ ਦੇ ਘਰ ਆ ਕੇ ਰਹਿਣ ਲੱਗੀ ਮਾਪਿਆਂ ਨੇ ਦੱਸਿਆ ਕਿ ਉਸ ਦਾ ਪਤੀ ਨਸ਼ਾ ਨਹੀਂ ਛੱਡ ਰਿਹਾ। ਕਿਰਨਜੀਤ ਕੌਰ ਨੇ ਕਿਹਾ ਕਿ ਉਹ ਵਾਪਸ ਨਹੀਂ ਜਾਵੇਗੀ। ਉਨ੍ਹਾਂ ਦੀ ਧੀ ਨੇ ਜਲੰਧਰ ’ਚ ਨੌਕਰੀ ਸ਼ੁਰੂ ਕਰ ਦਿੱਤੀ ਸੀ। ਵੀਰਵਾਰ ਨੂੰ ਦੇਰ ਸ਼ਾਮ ਬਲਵਿੰਦਰ ਸਿੰਘ ਉਨ੍ਹਾਂ ਦੇ ਘਰ ਆਇਆ ਤੇ ਧੀ ਨਾਲ ਝਗੜਾ ਕਰ ਕੇ ਕੁੱਟਮਾਰ ਕਰਨ ਲੱਗਾ। ਮਾਪਿਆਂ ਨੇ ਦੋਸ਼ ਲਾਇਆ ਕਿ ਬਲਵਿੰਦਰ ਸਿੰਘ ਨੇ ਧੀ ਨੂੰ ਜ਼ਬਰਦਸਤੀ ਜ਼ਹਿਰ ਪਿਲਾ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸੇ ਦੌਰਾਨ ਹਸਪਤਾਲ ’ਚ ਦਾਖਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਬਹੁਤ ਤੰਗ ਕਰਦਾ ਹੈ। ਉਸ ਦੀ ਪਤਨੀ ਨੂੰ ਜ਼ਬਰਦਸਤੀ ਆਪਣੇ ਕੋਲ ਰੱਖਿਆ ਹੋਇਆ ਸੀ। ਉਸ ਨੇ ਮਹੀਨੇ ਪਹਿਲਾਂ ਸਾਰੇ ਨਸ਼ੇ ਛੱਡ ਦਿੱਤੇ ਸਨ। ਵੀਰਵਾਰ ਨੂੰ ਉਹ ਆਪਣੀ ਪਤਨੀ ਨੂੰ ਲੈਣ ਆਇਆ ਸੀ ਪਰ ਸਹੁਰਾ ਪਰਿਵਾਰ ਨੇ ਵਿਵਾਦ ਕੀਤਾ ਤੇ ਉਸ ਦੀ ਪਤਨੀ ਨੂੰ ਜਾਣ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਉਹ ਆਪਣੇ ਨਾਲ ਜ਼ਹਿਰ ਲੈ ਕੇ ਆਇਆ ਸੀ। ਜਿਵੇਂ ਹੀ ਉਹ ਜ਼ਹਿਰ ਖਾਣ ਲੱਗਾ ਤਾਂ ਸਹੁਰਾ ਪਰਿਵਾਰ ਨੇ ਖੋਹ ਲਿਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਪਤਨੀ ਨੇ ਜ਼ਹਿਰ ਖਾ ਲਿਆ।