ਨਵੀਂ ਦਿੱਲੀ, 9 ਸਤੰਬਰ
ਭੂਮੀ ਪੇਡਨੇਕਰ ਨੇ ਸਾਲ 2015 ਵਿਚ ਫਿਲਮਾਂ ਦੀ ਸ਼ੁਰੂਆਤ ਤੋਂ ਬਾਅਦ ਆਪਣੀ ਸਫਲਤਾ ਰਾਹੀਂ ਆਲੋਚਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਰੁਮਾਂਟਿਕ-ਕਾਮੇਡੀ ‘ਦਮ ਲਗਾ ਕੇ ਹਈਸ਼ਾ’ ਲਈ ਕਈ ਐਵਾਰਡ ਜਿੱਤੇ ਹਨ ਤੇ ਉਸ ਤੋਂ ਬਾਅਦ ਉਹ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜ੍ਹਦੀ ਜਾ ਰਹੀ ਹੈ। ਭੂਮੀ ਨੇ ‘ਟੁਆਇਲਟ: ਏਕ ਪ੍ਰੇਮ ਕਥਾ’, ‘ਸ਼ੁਭ ਮੰਗਲ ਸਾਵਧਾਨ’, ‘ਸਾਂਢ ਕੀ ਆਂਖ’ ‘ਬਾਲਾ’, ‘ਪਤੀ ਪਤਨੀ ਔਰ ਵੋਹ’ ਅਤੇ ‘ਡੌਲੀ ਕਿੱਟੀ ਔਰ ਵੋਹ ਚਮਕਤੇ ਸਿਤਾਰੇ’ ਆਦਿ ਸਫਲ ਫਿਲਮਾਂ ਕੀਤੀਆਂ। ਭੂਮੀ ਨੇ ਏਜੰਸੀ ਨੂੰ ਦੱਸਿਆ ਕਿ ਉਹ ਭਾਰਤੀ ਸਿਨੇਮਾ ਦੀ ਸ਼ੁਕਰਗੁਜ਼ਾਰ ਹੈ ਜਿਸ ਨੇ ਉਸ ਨੂੰ ਵੱਖਰੀ ਪਛਾਣ ਦਿੱਤੀ ਪਰ ਉਹ ਆਪਣੇ ਆਪ ਨੂੰ ਸਟਾਰ ਕਹਾਉਣ ਤੋਂ ਝਿਜਕਦੀ ਹੈ। ਉਹ ਕਹਿੰਦੀ ਹੈ ਕਿ ਲੋਕਾਂ ਨੇ ਉਸ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਉਹ ਉਨ੍ਹਾਂ ਦੀ ਸ਼ੁਕਰਗੁਜ਼ਾਰ ਹੈ। ਉਹ ਕਹਿੰਦੀ ਹੈ ਕਿ ਹੁਣ ਉੱਘੇ ਅਦਾਕਾਰਾਂ ਦੀ ਪਰਿਭਾਸ਼ਾ ਬਦਲ ਗਈ ਹੈ। ਭੂਮੀ ਸਿਰਫ ਸਮਾਜ ਨੂੰ ਚੰਗੇ ਸੰਦੇਸ਼ ਦੇਣ ਵਾਲੀਆਂ ਫਿਲਮਾਂ ਹੀ ਕਰਨ ਦੀ ਇੱਛੁਕ ਹੈ। ਉਹ ਚਾਹੁੰਦੀ ਹੈ ਕਿ ਉਸ ਦੀਆਂ ਫਿਲਮਾਂ ਮਨੋਰੰਜਨ ਦੇ ਨਾਲ ਨਾਲ ਹਾਂ-ਪੱਖੀ ਸੰਦੇਸ਼ ਦੇਣ ਵਾਲੀਆਂ ਹੋਣ ਜੋ ਸਿਨੇਮਾ ਦਾ ਮੁੱਢਲਾ ਸਿਧਾਂਤ ਹੈ।
ਭੂਮੀ ਵਾਤਾਵਰਨ ਨਾਲ ਵੀ ਪਿਆਰ ਕਰਦੀ ਹੈ। ਉਸ ਨੇ ਸਾਲ 2019 ਵਿਚ ਆਲਮੀ ਤਪਸ਼ ਤੋਂ ਚੌਗਿਰਦੇ ਨੂੰ ਬਚਾਉਣ ਲਈ ‘ਕਲਾਈਮੇਟ ਵਾਰੀਅਰ’ ਮੁਹਿੰਮ ਚਲਾਈ। ਭੂਮੀ ਕਹਿੰਦੀ ਹੈ ਕਿ ਹੁਣ ਹਿੰਦੀ ਸਿਨੇਮਾ ਨੂੰ ਵੀ ਇਸ ਵੱਲ ਪਹਿਲ ਕਰਨੀ ਚਾਹੀਦੀ ਹੈ। ਉਹ ਫਿਲਮਾਂ ਦੀ ਸ਼ੂਟਿੰਗ ਕਰਨ ਵੇਲੇ ਵੀ ਇਹ ਯਕੀਨੀ ਬਣਾਉਂਦੀ ਹੈ ਕਿ ਉਥੇ ਪਲਾਸਟਿਕ ਦੀਆਂ ਬੋਤਲਾਂ ਨਾ ਵਰਤੀਆਂ ਜਾਣ। ਉਹ ਕਹਿੰਦੀ ਹੈ ਕਿ ਇਹ ਬਹੁਤ ਔਖਾ ਕੰਮ ਹੈ ਪਰ ਉਹ ਵਾਤਾਵਰਨ ਦੀ ਸੰਭਾਲ ਲਈ ਯਤਨ ਕਰਦੀ ਰਹੇਗੀ। -ਆਈਏਐੱਨਐੱਸ