ਨਵੀਂ ਦਿੱਲੀ, 14 ਜੂਨ
ਵਿਰੋਧੀ ਧਿਰਾਂ ਨੇ ਰਾਸ਼ਟਰਪਤੀ ਚੋਣ ਲਈ ਸਾਂਝਾ ਉਮੀਦਵਾਰ ਚੁਣਨ ਲਈ ਅੱਜ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਮਮਤਾ ਬੈਨਰਜੀ ਸਣੇ ਖੱਬੀਆਂ ਧਿਰਾਂ ਦੇ ਆਗੂਆਂ ਨੇ ਅੱਜ ਇਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਚੋਣ ਲਈ ਵਿਰੋਧੀ ਦਲਾਂ ਦਾ ਸਾਂਝਾ ਉਮੀਦਵਾਰ ਬਣਨ ਲਈ ਕਿਹਾ। ਪੱੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਰੋਧੀ ਧਿਰਾਂ ਦਾ ਸਾਂਝਾ ਉਮੀਦਵਾਰ ਚੁਣਨ ਲਈ ਬੁੱਧਵਾਰ ਨੂੰ ਮੀਟਿੰਗ ਸੱਦੀ ਹੈੇ। ਇਸ ਮੀਟਿੰਗ ਮਗਰੋਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਹੈ ਕਿ ਸ਼ਰਦ ਪਵਾਰ ਨੇ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰਾਂ ਦਾ ਸਾਂਝਾ ਉਮੀਦਵਾਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਸ੍ਰੀ ਪਵਾਰ ਨੇ ਸੀਤਾਰਾਮ ਯੇਚੁਰੀ, ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਡੀ. ਰਾਜਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਪ੍ਰਫੁਲ ਪਟੇਲ ਤੇ ਪੀ.ਸੀ. ਚਾਕੋ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਚੋਣ ਨਾ ਲੜਨ ਦੇ ਆਪਣੇ ਫੈਸਲੇ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਵਿਰੋਧੀ ਧਿਰਾਂ ਦੇ ਸੂਤਰਾਂ ਅਨੁਸਾਰ ਸ਼ਰਦ ਪਵਾਰ ਅਜਿਹੀ ਚੋਣ ਲੜਨ ਦੇ ਇਛੁੱਕ ਨਹੀਂ ਹਨ ਜਿਸ ਵਿੱਚ ਉਨ੍ਹਾਂ ਦੀ ਹਾਰ ਲਗਭਗ ਤੈਅ ਹੈ। -ਪੀਟੀਆਈ
ਮਮਤਾ ਦੀ ਵਿਰੋਧੀ ਧਿਰ ਦੇ ਆਗੂਆਂ ਨਾਲ ਮੀਟਿੰਗ ਅੱਜ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰਾਂ ਵੱਲੋਂ ਸਾਂਝਾ ਉਮੀਦਵਾਰ ਚੁਣਨ ਲਈ ਬੁੱਧਵਾਰ ਨੂੰ ਮੀਟਿੰਗ ਸੱਦੀ ਹੈ। ਕਾਂਗਰਸ ਵੱਲੋਂ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਆਸਾਰ ਹਨ। ਸੂਤਰਾਂ ਅਨੁਸਾਰ ਕਾਂਗਰਸੀ ਆਗੂ ਮਲਿਕਾਰੁਜਨ ਖੜਗੇ, ਜੋ ਕਿ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਹਨ, ਅਤੇ ਜੈਰਾਮ ਰਮੇਸ਼ ਤੇ ਰਣਦੀਪ ਸੁਰਜੇਵਾਲਾ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਮੀਟਿੰਗ ਦਿੱਲੀ ਵਿੱਚ ਸੱਦੀ ਗਈ ਹੈ ਜਿਸ ਵਿੱਚ ਵਿਰੋਧੀ ਦਲਾਂ ਦੇ ਆਗੂ ਸ਼ਾਮਲ ਹੋਣਗੇ ਤੇ ਸਾਂਝੇ ਉਮੀਦਵਾਰ ਦੀ ਚੋਣ ਲਈ ਚਰਚਾ ਕੀਤੀ ਜਾਵੇਗੀ।
ਰਾਸ਼ਟਰਪਤੀ ਚੋਣਾਂ ਲਈ ਵਿਸ਼ੇਸ਼ ਸੈੱਲ ਦਾ ਗਠਨ
ਨਵੀਂ ਦਿੱਲੀ: ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਹੈ। ਇਸੇ ਦੌਰਾਨ ਰਾਜ ਸਭਾ ਸਕੱਤਰੇਤ ਨੇ ਇਨ੍ਹਾਂ ਚੋਣਾਂ ਲਈ ਵਿਸ਼ੇਸ਼ ਸੈੱਲ ਦਾ ਗਠਨ ਕੀਤਾ ਹੈ। ਰਾਜ ਸਭਾ ਦੇ ਸਕੱਤਰ ਜਨਰਲ ਪੀ.ਸੀ. ਮੋਦੀ ਨੂੰ ਰਿਟਰਨਿੰਗ ਅਫਸਰ ਥਾਪਿਆ ਗਿਆ ਹੈ। ਉਹ ਇਸ ਵਿਸ਼ੇਸ਼ ਸੈੱਲ ਦੀ ਪ੍ਰਧਾਨਗੀ ਵੀ ਕਰਨਗੇ। ਇਸੇ ਤਰ੍ਹਾਂ ਰਾਜ ਸਭਾ ਦੇ ਓਐੱਸਡੀ ਮੁਕੁਲ ਪਾਂਡੇ ਤੇ ਸੰਯੁਕਤ ਸਕੱਤਰ ਸੁਰਿੰਦਰ ਕੁਮਾਰ ਤ੍ਰਿਪਾਠੀ ਨੂੰ ਇਨ੍ਹਾਂ ਚੋਣਾਂ ਲਈ ਸਹਾਇਕ ਰਿਟਰਨਿੰਗ ਅਫਸਰ ਥਾਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਨਵੇਂ ਰਾਸ਼ਟਰਪਤੀ ਦੀ ਚੋਣ ਲਈ 18 ਜੁਲਾਈ ਨੂੰ ਵੋਟਾਂ ਪੈਣਗੀਆਂ। -ਪੀਟੀਆਈ