ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 6 ਅਕਤੂਬਰ
ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ‘ਖੇਤੀ ਬਚਾਓ ਯਾਤਰਾ’ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਪੂਰੀ ਤਰਾਂ ਫਲਾਪ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਭ ਸਮਝ ਰਹੇ ਹਨ ਕਿ ਜਿਹੜਾ ਆਗੂ ਲੋਕ ਸਭਾ ਵਿਚ ਖੇਤੀਬਾੜੀ ਬਿੱਲ ਉੱਤੇ ਹੋ ਰਹੀ ਬਹਿਸ ਵਿੱਚ ਹਿੱਸਾ ਨਹੀਂ ਲੈਂਦਾ, ਉਸ ਤੋਂ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ।
ਰੱਖੜਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਵਿਚ ਕਿਸਾਨੀ ਬਿੱਲ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਟਰੈਕਟਰ ਰੈਲੀ ਲਈ ਪਿੰਡਾਂ ਵਿੱਚੋਂ ਟਰੈਕਟਰ ਦੀ ਦਿਹਾੜੀ ਇੱਕ ਹਜ਼ਾਰ ਰੁਪਏ ਅਤੇ ਤੇਲ ’ਤੇ ਲਿਆਂਦੇ ਸਨ। ਰੱਖੜਾ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਹੱਕ ਦੀ ਗੱਲ ਕਰਨੀ ਸੀ ਤਾਂ ਉਹ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਠੀ ਅੱਗੇ ਧਰਨਾ ਲਗਾਉਂਦੇ ਪਰ ਪੰਜਾਬ ਵਿਚ ਸਿਰਫ਼ ਰਾਜਨੀਤੀ ਕਰਨ ਆਏ ਸਨ।
ਰੱਖੜਾ ਨੇ ਕਿਹਾ ਕਿ ਸਾਢੇ ਚਾਰ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁੰਭਕਰਨੀ ਨੀਂਦ ਸੁੱਤੇ ਰਹੇ ਅਤੇ ਲੋਕਾਂ ਦੀ ਨਬਜ਼ ਪਛਾਣਨ ਵਿਚ ਅਸਫਲ ਰਹੇ।