ਸਰਬਜੀਤ ਸਿੰਘ ਭੱਟੀ
ਲਾਲੜੂ, 27 ਨਵੰਬਰ
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਝਰਮੜੀ ਨੇੜੇ ਪੰਜਾਬ ਤੇ ਹਰਿਆਣਾ ਦੀ ਸਰਹੱਦ ਅੱਜ ਵੀ ਪੂਰੀ ਤਰ੍ਹਾਂ ਸੀਲ ਰਹੀ ਅਤੇ ਦੋਵੇਂ ਪਾਸੇ ਪੰਜਾਬ ਅਤੇ ਹਰਿਆਣਾ ਪੁਲੀਸ ਦੇ ਜਵਾਨ ਤਾਇਨਾਤ ਸਨ। ਇਸ ਦੌਰਾਨ ਕਿਸੇ ਵੀ ਵਾਹਨ ਜਾਂ ਐਂਬੂਲੇਂਸ ਨੂੰ ਮੁੱਖ ਮਾਰਗ ਰਾਹੀਂ ਜਾਣ ਦੀ ਇਜਾਜ਼ਤ ਨਹੀਂ ਸੀ ਜਿਸ ਕਾਰਨ ਰਾਹਗੀਰਾਂ, ਵਾਹਨ ਚਾਲਕਾਂ ਅਤੇ ਮਰੀਜ਼ਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਇਲਾਕੇ ਵਿਚ ਸਾਂਤੀ ਕਾਇਮ ਰਹੀ। ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਯੂਨੀਅਨਾਂ ਦੇ ਸੱਦੇ ’ਤੇ ਦਿੱਲੀ ਵੱਲ ਕੂਚ ਕਰਨ ਵਾਲੇ ਕਿਸਾਨਾਂ ਨੂੰ ਤਿੰਨ ਲੇਅਰ ਵਾਲੇ ਬੈਰੀਕੇਡ ਲਗਾ ਕੇ ਹਰਿਆਣਾ ਪੁਲੀਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਸਫਲ ਨਾ ਹੋਈ।
ਬੈਰੀਕੇਡ ਨਹੀਂ ਹਟਾਏ ਗਏ
ਹਰਿਆਣਾ ਪੁਲੀਸ ਨੇ ਇਹਤਿਆਤ ਵਜੋਂ ਅੱਜ ਕਿਸਾਨੀ ਕਾਫਲਿਆਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਹੋਏ ਸਨ ਤੇ ਫਾਇਰ ਬ੍ਰਿਗੇਡ ਤੇ ਜਲ ਤੋਪਾਂ ਦਾ ਇੰਤਜ਼ਾਮ ਕੀਤਾ ਹੋਇਆ ਸੀ। ਦੂਜੇ ਪਾਸੇ ਪੰਜਾਬ ਪੁਲੀਸ ਦੇ ਅਧਿਕਾਰੀ ਵੀ ਮੁੱਖ ਮਾਰਗ ’ਤੇ ਪੁੂਰੀ ਮੁਸਤੇਦੀ ਨਾਲ ਤਾਇਨਾਤ ਸਨ ਜਿਨ੍ਹਾਂ ਨੇ ਚੰਡੀਗੜ੍ਹ ਤੋਂ ਆਉਣ ਵਾਲੇ ਟਰੈਫਿਕ ਨੂੰ ਆਈ.ਟੀ.ਆਈ ਲਾਲੜੂ ਤੋਂ ਅੰਬਾਲਾ ਵਾਲੇ ਪਾਸੇ ਅਤੇ ਝਰਮੜੀ ਨੇੜੇ ਪਿੰਡਾਂ ਰਾਹੀਂ ਹਰਿਆਣਾ ਵੱਲ ਭੇਜਿਆ।
ਪੰਜਾਬ ਲਈ ਬੱਸ ਸਰਵਿਸ ਬੰਦ
ਪੰਚਕੂਲਾ (ਪੀ.ਪੀ. ਵਰਮਾ): ਇਥੋਂ ਦੇ ਬੱਸ ਅੱਡੇ ਤੋਂ ਹਰਿਆਣਾ ਰੋਡਵੇਜ਼ ਦੀ ਪੰਜਾਬ ਨੂੰ ਜਾਂਦੀ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਹੈ। ਇਹ ਬੱਸਾਂ ਪਟਿਆਲਾ, ਅੰਮ੍ਰਿਤਸਰ ਅਤੇ ਡੇਰਾ ਬਿਆਸ ਤੋਂ ਇਲਾਵਾ ਹੋਰਨਾਂ ਸਟੇਸ਼ਨਾਂ ਵੱਲ ਜਾਂਦੀਆਂ ਸਨ। ਇਹ ਬੱਸ ਸਰਵਿਸ ਅਸਥਾਈ ਤੌਰ ’ਤੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਬੰਦ ਕੀਤੀ ਗਈ ਹੈ। ਪੰਚਕੂਲਾ ਡਿੱਪੂ ਦੇ ਜਨਰਲ ਮੈਨੇਜਰ ਰਵਿੰਦਰ ਪਾਠਕ ਨੇ ਦੱਸਿਆ ਕਿ ਸਰਕਾਰ ਦੇ ਹੁਕਮ ਆਉਣ ਤੋਂ ਬਾਅਦ ਹੀ ਬੱਸਾਂ ਬੰਦ ਕੀਤੀਆਂ ਗਈਆਂ ਹਨ।