ਪੱਤਰ ਪ੍ਰੇਰਕ
ਮਾਨਸਾ, 9 ਸਤੰਬਰ
ਇੱਥੋਂ ਨੇੜਲੇ ਪਿੰਡ ਭੁਪਾਲ ਖੁਰਦ ਦੇ ਕਿਸਾਨ ਅਮਰੀਕ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਭੁਪਾਲ ਖੁਰਦ ਦੇ ਕਿਸਾਨ ਅਮਰੀਕ ਸਿੰਘ ਦਾ ਪਰਿਵਾਰ ਸਿਰਫ ਦੋ ਏਕੜ ਦਾ ਮਾਲਕ ਹੈ, ਜਿਸ ਨੇ ਆਪਣੇ ਘਰ ਦੀ ਕਬੀਲਦਾਰੀ ਚਲਾਉਣ ਲਈ ਕਰਜ਼ਾ ਲਿਆ ਸੀ, ਪਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਕਰਜ਼ਾ ਫਿਰ ਵੀ ਨਹੀਂ ਉਤਾਰ ਸਕਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਮਰੀਕ ਸਿੰਘ ਦੇ ਪਰਿਵਾਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ, ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।