ਸੁਰਿੰਦਰ ਸਿੰਘ ਤੇਜ
ਪੜ੍ਹਦਿਆਂ ਸੁਣਦਿਆਂ
ਲੋਕਸ਼ਾਹੀ ਵਿਚ ਰਾਜ ਘਰਾਣਿਆਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ, ਪਰ ਇਹ ਸਿਧਾਂਤ ਦੱਖਣੀ ਏਸ਼ੀਆ ਉੱਤੇ ਲਾਗੂ ਨਹੀਂ ਹੁੰਦਾ। ਇੱਥੇ ਲੋਕਸ਼ਾਹੀ ਨੂੰ ਪਰਿਵਾਰਸ਼ਾਹੀ ਤੋਂ ਕੋਈ ਪਰਹੇਜ਼ ਨਹੀਂ; ਨਾ ਪਾਰਟੀ ਪ੍ਰਬੰਧ ਵਿਚ ਅਤੇ ਨਾ ਹੀ ਹਕੂਮਤੀ ਪ੍ਰਬੰਧ ਵਿਚ। ਭਾਰਤ ਵਿਚ ਪਰਿਵਾਰਸ਼ਾਹੀ ਜਵਾਹਰਲਾਲ ਨਹਿਰੂ ਤੋਂ ਸ਼ੁਰੂ ਹੋਈ। ਬਹੁਤ ਛੇਤੀ ਇਸ ਦੀ ਲਾਗ ਗੁਆਂਢੀ ਮੁਲਕਾਂ ਅਤੇ ਫਿਰ ਪੂਰੇ ਦੱਖਣ-ਪੂਰਬੀ ਏਸ਼ੀਆ ਤਕ ਫੈਲ ਗਈ। ਨਹਿਰੂ ਖ਼ਾਨਦਾਨ ਦੀ ਚੌਥੀ ਪੀੜ੍ਹੀ ਭਾਵੇਂ ਹੁਣ ਹੁਕਮਰਾਨ ਨਹੀਂ, ਪਰ ਰਾਜ-ਸੱਤਾ ਉੱਤੇ ਦਾਅਵੇਦਾਰੀ ਤਿਆਗਣ ਲਈ ਤਿਆਰ ਨਹੀਂ। ਮੌਜੂਦਾ ਹੁਕਮਰਾਨਾਂ ਨੂੰ ਤਾਂ ਉਹ ਹੜੱਪੂ (ਨਾਜਾਇਜ਼ ਕਬਜ਼ਾਕਾਰ) ਹੀ ਮੰਨਦੀ ਤੇ ਦੱਸਦੀ ਆ ਰਹੀ ਹੈ।
ਭਾਰਤ ਵਾਂਗ ਪਾਕਿਸਤਾਨ ਨੇ ਵੀ ਜ਼ੁਲਫ਼ਿਕਾਰ ਅਲੀ ਭੁੱਟੋ ਖ਼ਾਨਦਾਨ ਦਾ ਰਾਜ ਦੇਖਿਆ ਹੈ: ਭੁੱਟੋ, ਬੇਟੀ ਬੇਨਜ਼ੀਰ ਤੇ ਦਾਮਾਦ ਆਸਿਫ਼ ਜ਼ਰਦਾਰੀ ਦੀਆਂ ਹਕੂਮਤਾਂ ਦੇ ਰੂਪ ਵਿਚ। ਹੁਣ ਭੁੱਟੋ ਦਾ ਦੋਹਤਾ ਬਿਲਾਵਲ ਵਜ਼ੀਰੇ ਆਜ਼ਮ ਬਣਨ ਦੇ ਸੁਫ਼ਨੇ ਸੰਜੋ ਰਿਹਾ ਹੈ। ਜ਼ੁਲਫ਼ਿਕਾਰ ਭੁੱਟੋ ਦੀ ਲੀਹ ’ਤੇ ਇਕ ਹੋਰ ਸਾਬਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ਼ ਨੇ ਆਪਣੀ ਬੇਟੀ ਮਰੀਅਮ ਨਵਾਜ਼ ਨੂੰ ਆਪਣੀ ਸਿਆਸੀ ਜਾਨਸ਼ੀਨ ਨਾਮਜ਼ਦ ਕੀਤਾ ਹੋਇਆ ਹੈ। ਬੰਗਲਾਦੇਸ਼ ਵਿਚ ਪਹਿਲੇ ਪ੍ਰਧਾਨ ਮੰਤਰੀ ਸ਼ੇਖ ਮੁਜੀਬਰ ਰਹਿਮਾਨ ਦੀ ਹੱਤਿਆ ਮਗਰੋਂ ਕੁਝ ਵਰ੍ਹੇ ਜਫਰ ਜਾਲਣ ਤੋਂ ਬਾਅਦ ਉਨ੍ਹਾਂ ਦੀ ਬੇਟੀ ਸ਼ੇਖ਼ ਹਸੀਨਾ ਸਿਆਸੀ ਜਾਨਸ਼ੀਨ ਬਣ ਉੱਭਰੀ ਅਤੇ ਡੇਢ ਦਹਾਕੇ ਤੋਂ ਵੱਧ ਸਮਾਂ ਪ੍ਰਧਾਨ ਮੰਤਰੀ ਦੀ ਗੱਦੀ ’ਤੇ ਗੁਜ਼ਾਰ ਚੁੱਕੀ ਹੈ। ਸ਼ੇਖ਼ ਮੁਜੀਬ ਦੀ ਹੱਤਿਆ ਮਗਰੋਂ ਸੱਤਾ ਵਿਚ ਆਏ ਜਨਰਲ ਜ਼ਿਆਉਰ ਰਹਿਮਾਨ ਦੇ ਕਤਲ ਪਿੱਛੋਂ ਉਨ੍ਹਾਂ ਦੀ ਪਤਨੀ ਖ਼ਾਲਿਦਾ ਜ਼ਿਆ ਜਾਨਸ਼ੀਨ ਵਜੋਂ ਸਾਹਮਣੇ ਆਈ। ਦੋ ਵਾਰ ਪ੍ਰਧਾਨ ਮੰਤਰੀ ਰਹਿਣ ਤੋਂ ਬਾਅਦ ਉਹ ਹੁਣ ਸ਼ੇਖ਼ ਹਸੀਨਾ ਦੀ ਮੁੱਖ ਸਿਆਸੀ ਵਿਰੋਧੀ ਹੈ। ਸ੍ਰੀਲੰਕਾ ਵਿਚ ਮੁੱਢਲੇ ਪ੍ਰਧਾਨ ਮੰਤਰੀ ਸੌਲੋਮਨ ਭੰਡਾਰਨਾਇਕੇ ਦੀ ਹੱਤਿਆ ਮਗਰੋਂ ਉਨ੍ਹਾਂ ਦੀ ਪਤਨੀ ਸਿਰੀਮਾਵੋ ਭੰਡਾਰਨਾਇਕੇ ਦਾ ਕਦੇ ਪ੍ਰਧਾਨ ਮੰਤਰੀ ਤੇ ਕਦੇ ਰਾਸ਼ਟਰਪਤੀ ਵਾਲਾ ਕਾਰਜਕਾਲ ਅਸੀਂ ਦੇਖ ਚੁੱਕੇ ਹਾਂ। ਫਿਰ, ਉਨ੍ਹਾਂ ਦੀ ਬੇਟੀ ਚੰਦ੍ਰਿਕਾ ਕੁਮਾਰਤੁੰਗਾ ਵੀ ਇਨ੍ਹਾਂ ਅਹੁਦਿਆਂ ਉੱਤੇ ਰਹੀ। ਚੰਦ੍ਰਿਕਾ ਦੇ ਦੋ ਬੇਟੇ ਅਮਰੀਕਾ ਵਿਚ ਰਹਿ ਰਹੇ ਹਨ, ਪਰ ਉਨ੍ਹਾਂ ਵੱਲੋਂ ਵਤਨ ਪਰਤ ਕੇ ਖ਼ੁਦ ਨੂੰ ਹਕੂਮਤੀ ਦਾਅਵੇਦਾਰ ਵਜੋਂ ਪੇਸ਼ ਕੀਤੇ ਜਾਣ ਦੀ ਸੰਭਾਵਨਾ ਤਿਆਗੀ ਨਹੀਂ ਜਾ ਸਕਦੀ। ਅਜਿਹੀ ਲਾਗ ਹੋਰਨਾਂ ਰਾਜਸੀ ਪਰਿਵਾਰਾਂ ਨੂੰ ਵੀ ਲੱਗੀ ਹੋਈ ਹੈ। ਮੌਜੂਦਾ ਸਮੇਂ ਮਹਿੰਦਾ ਰਾਜਪਕਸ਼ੇ ਪ੍ਰਧਾਨ ਮੰਤਰੀ ਹਨ ਤੇ ਉਨ੍ਹਾਂ ਦੇ ਭਰਾ ਗੌਟਬਾਇਆ ਰਾਜਪਕਸ਼ੇ ਰਾਸ਼ਟਰਪਤੀ। ਦੋਵਾਂ ਦੇ ਪੁੱਤਰ ਕੇਂਦਰੀ ਮੰਤਰੀ ਹਨ। ਅਜਿਹੀ ਤਰਜ਼ ਦਾ ਪਰਿਵਾਰਵਾਦ ਅੱਗੇ ਸਾਰੇ ਦੱਖਣ ਏਸ਼ਿਆਈ ਮੁਲਕਾਂ ਵਿਚ ਸੂਬਾਈ ਪੱਧਰ ’ਤੇ ਵੀ ਮੌਜੂਦ ਹੈ।
ਇਨ੍ਹਾਂ ਸਾਰੇ ਰਾਜ-ਘਰਾਣਿਆਂ ਦੇ ਉਭਾਰ-ਨਿਘਾਰ ਦੀਆਂ ਕਹਾਣੀਆਂ ਦਿਲਚਸਪ ਵੀ ਹਨ ਤੇ ਤ੍ਰਾਸਦਿਕ ਵੀ। ਪਰ ਕ੍ਰਿਸ਼ਮੇ, ਸਿਆਸਤ ਤੇ ਖ਼ੂਨੀ ਤ੍ਰਾਸਦੀਆਂ ਦੀ ਸਭ ਤੋਂ ਵੱਡੀ ਮਿਸਾਲ ਪਾਕਿਸਤਾਨ ਦਾ ਭੁੱਟੋ ਖ਼ਾਨਦਾਨ ਹੈ। ਇਸੇ ਕਾਰਨ ਇਸ ਬਾਰੇ ਲਿਖਿਆ ਤੇ ਛਪਿਆ ਵੀ ਬਹੁਤ ਕੁਝ ਹੈ: ਦਰਜਨਾਂ ਕਿਤਾਬਾਂ ਦੇ ਰੂਪ ਵਿਚ ਅਤੇ ਉਸ ਤੋਂ ਕਈ ਵੱਧ ਦਸਤਾਵੇਜ਼ੀ ਫਿ਼ਲਮਾਂ ਦੇ ਰੂਪ ਵਿਚ। ਅਜਿਹੀ ਭਰਮਾਰ ਹੋਣ ਕਰਕੇ ਜਦੋਂ ਵੀ ਕੋਈ ਨਵੀਂ ਕਿਤਾਬ ਜਾਂ ਦਸਤਾਵੇਜ਼ੀ ਸਾਹਮਣੇ ਆਉਂਦੀ ਹੈ ਤਾਂ ਇਸ ਦੇ ਦੁਹਰਾਅਵਾਦੀ ਹੋਣ ਜਾਂ ਨਵੀਂ ਬੋਤਲ, ਪੁਰਾਣੀ ਸ਼ਰਾਬ ਹੋਣ ਵਾਲਾ ਖ਼ਦਸ਼ਾ ਪਹਿਲੇ ਪ੍ਰਤੀਕਰਮ ਵਜੋਂ ਮਨ ਵਿਚ ਉਭਰਦਾ ਹੈ। ਪਰ ਪਿਛਲੇ ਮਹੀਨੇ ਰਿਲੀਜ਼ ਹੋਈਆਂ ਦੋ ਕਿਤਾਬਾਂ ਇਸ ਖ਼ਦਸ਼ੇ ਨੂੰ ਨਿਰਮੂਲ ਸਾਬਤ ਕਰਦੀਆਂ ਹਨ। ਇਹ ਹਨ ‘ਦਿ ਫਰੈਗਰੈਂਸ ਆਫ਼ ਟੀਅਰਜ਼’ ਅਤੇ ‘ਦਿ ਭੁੱਟੋ ਡਾਇਨਸਟੀ’। ਦੋਵੇਂ ਪੱਛਮ ਵਿਚ ਛਪੀਆਂ ਹਨ, ਪਰ ਭਾਰਤ ਵੀ ਪੁੱਜ ਚੁੱਕੀਆਂ ਹਨ। ‘ਦਿ ਫਰੈਗਰੈਂਸ ਆਫ਼ ਟੀਅਰਜ਼’ (ਹੰਝੂਆਂ ਦੀ ਮਹਿਕ) (ਹੈੱਡ ਆਫ਼ ਜ਼ੀਅਸ ਪਬਲੀਕੇਸ਼ਨ; 365 ਪੰਨੇ; 899 ਰੁਪਏ) ਬ੍ਰਿਟਿਸ਼ ਲੇਖਕ ਤੇ ਪੱਤਰਕਾਰ ਵਿਕਟੋਰੀਆ ਸ਼ੌਫੀਲਡ ਵੱਲੋਂ ਲਿਖੀ ਹੋਈ ਹੈ। ਸ਼ੌਫੀਲਡ 1970ਵਿਆਂ ਵਿਚ ਔਕਸਫੋਰਡ ਦੇ ਦਿਨਾਂ ਤੋਂ ਬੇਨਜ਼ੀਰ ਭੁੱਟੋ ਦੀ ਸਹੇਲੀ ਸੀ ਅਤੇ ਤਕਰੀਬਨ ਦੋ ਦਹਾਿਕਆਂ ਤੱਕ ਇਹ ਸਖ਼ਾਵਤ ਰਹੀ ਵੀ ਪੂਰੀ ਮਜ਼ਬੂਤ।
ਬਤੌਰ ਪੱਤਰਕਾਰ ਉਹ ਔਖੇ ਸਮਿਆਂ ਵਿਚ ਭੁੱਟੋ ਪਰਿਵਾਰ ਦੇ ਸਦਾ ਅੰਗ-ਸੰਗ ਰਹੀ; ਮਦਦਗਾਰ ਤੇ ਸੰਦੇਸ਼ਵਾਹਕ ਦੇ ਰੂਪ ਵਿਚ। ਇਕੱਲ, ਮਾਯੂਸੀਆਂ ਤੇ ਤ੍ਰਾਸਦੀਆਂ ਵਾਲੇ ਵਕਤਾਂ ’ਚ ਉਹ ਬੇਨਜ਼ੀਰ ਦਾ ਸਹਾਰਾ ਬਣੀ ਰਹੀ। ਉਹ ਵੀ ਪੇਸ਼ੇਵਾਰਾਨਾ ਤੇ ਜਿਸਮਾਨੀ ਖ਼ਤਰੇ ਸਹੇੜ ਕੇ।
ਕਿਤਾਬ ਵਿਚ ਉਹ ਸਾਰੇ ਪਲ ਮਾਰਮਿਕ ਢੰਗ ਨਾਲ ਸਾਂਝੇ ਕੀਤੇ ਗਏ ਹਨ ਜਦੋਂ ਬੇਨਜ਼ੀਰ ਨੇ ਸ਼ੌਫੀਲਡ ਦੇ ਮੋਢੇ ’ਤੇ ਸਿਰ ਰੱਖ ਕੇ ਹੰਝੂ ਵਹਾਏ। ਨਾਲ ਹੀ ਇਸਲਾਮੀ ਜਗਤ ਵਿਚ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣ ਉਭਰਨ (ਅਤੇ ਉਹ ਵੀ 35 ਵਰ੍ਹਿਆਂ ਦੀ ਉਮਰ ਵਿਚ) ਨਾਲ ਜੁੜੀ ਕਰੜੀ ਜੱਦੋਜਹਿਦ ਦੇ ਪਲਾਂ ਦੇ ਬਿਰਤਾਂਤ ਵੀ ਇਸ ਕਿਤਾਬ ਦਾ ਅਹਿਮ ਅੰਗ ਹੈ। ਬ੍ਰਿਟੇਨ ਦੇ ਸਭ ਤੋਂ ਪੁਰਾਣੇ ਤੇ ਅਤਿਅੰਤ ਸਤਿਕਾਰਤ ਹਫ਼ਤਾਵਾਰੀ ਰਸਾਲੇ ‘ਦਿ ਸਪੈਕਟੇਟਰ’ ਨਾਲ ਜੁੜੇ ਹੋਣ ਦਾ ਲਾਭ ਸ਼ੌਫੀਲਡ ਨੇ ਜ਼ੁਲਫ਼ਿਕਾਰ ਅਲੀ ਭੁੱਟੋ ਉੱਤੇ ਮੁਕੱਦਮੇ ਦੇ ਦਿਨਾਂ ਦੌਰਾਨ ਬੇਕਿਰਕੀ ਨਾਲ ਲਿਆ। ਉਹ ਪਾਕਿਸਤਾਨੀ ਸੈਂਸਰ ਨੂੰ ਡੌਜ ਕਰਕੇ ਮੁਕੱਦਮੇ ਦੇ ਵੇਰਵੇ ਆਪਣੀਆਂ ਰਿਪੋਰਟਾਂ ਰਾਹੀਂ ਪੱਛਮੀ ਜਗਤ ਵਿਚ ਭੇਜਦੀ ਰਹੀ। ਉਸ ਨੂੰ 1977 ਵਿਚ ਦੋ ਵਾਰ ਪਾਕਿਸਤਾਨ ਵਿਚੋਂ ਖ਼ਾਰਿਜ ਕੀਤਾ ਗਿਆ। ਪਹਿਲੀ ਵਾਰ ਜਬਰੀਂ ਵਾਹਗਾ ਪਾਰ ਕਰਾ ਕੇ ਭਾਰਤ ਭੇਜਿਆ ਗਿਆ, ਦੂਜੀ ਵਾਰ ਇਸਲਾਮਾਬਾਦ ਤੋਂ ਲੰਡਨ ਵੱਲ ਉਡਾਣ ਭਰਨ ਵਾਲੇ ਜਹਾਜ਼ ਨੂੰ ਵਾਪਸ ਬੁਲਾ ਕੇ ਉਸ ਦੇ ਅੰਦਰ ਜਬਰੀਂ ਚੜ੍ਹਾਇਆ ਗਿਆ।
ਬੇਨਜ਼ੀਰ ਤੇ ਸ਼ੌਫੀਲਡ ਦੇ ਸਹੇਲਪੁਣੇ ਵਿਚ ਕਮੀ ਬੇਨਜ਼ੀਰ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਈ। ਇਸ ਦੇ ਬਾਵਜੂਦ ਸ਼ੌਫੀਲਡ ਨੇ ਭੁੱਟੋ ਪਰਿਵਾਰ ਦੇ ਰਾਜ਼ ਸਾਂਝੇ ਕਰਨ ਵਿਚ ਕਿਤੇ ਵੀ ਬੇਲਿਹਾਜ਼ੀ ਵਾਲੀ ਸੁਰ ਨਹੀਂ ਅਪਣਾਈ। ਇਹ ਜਾਣਦਿਆਂ ਹੋਇਆਂ ਵੀ ਕਿ ਆਸਿਫ਼ ਅਲੀ ਜ਼ਰਦਾਰੀ ਨਾਲ ਵਿਆਹ ਤੋਂ ਪਹਿਲਾਂ ਅਤੇ ਵਿਆਹ ਦੇ ਅਗਲੇ ਕਈ ਵਰ੍ਹਿਆਂ ਤਕ ਬੇਨਜ਼ੀਰ ਨੂੰ ਜ਼ਰਦਾਰੀ ਨਾਲ ਕੋਈ ਮੋਹ-ਪਿਆਰ ਨਹੀਂ ਸੀ। ਉਸ ਨੇ ਇਕ ਵਾਰ ਸ਼ੌਫੀਲਡ ਨੂੰ ਦੱਸਿਆ ਸੀ ਕਿ ‘‘ਮੇਰੀ ਮਾਂ ਕਹਿੰਦੀ ਸੀ ਕਿ ਮਰਦ ਦੇ ਨਾਲ ਰਹਿੰਦਿਆਂ ਪਿਆਰ ਖ਼ੁਦ-ਬਖ਼ੁਦ ਵਿਕਸਿਤ ਹੋ ਜਾਂਦਾ ਹੈ, ਪਰ ਮੇਰੇ ਨਾਲ ਇਹ ਕੁਝ ਅਜੇ ਤਾਈਂ ਨਹੀਂ ਵਾਪਰਿਆ।’’ ਅਜਿਹੀਆਂ ਭਾਵਨਾਵਾਂ ਦੇ ਬਾਵਜੂਦ ਬੇਨਜ਼ੀਰ ਨੇ ਜ਼ਰਦਾਰੀ ਨੂੰ ਜਰਨ ਦਾ ਸਿਲਸਿਲਾ ਜਾਰੀ ਰੱਖਿਆ, ਤਿੰਨ ਬੱਚਿਆਂ ਦੀ ਮਾਂ ਬਣੀ, ਜ਼ਰਦਾਰੀ ਤੇ ਉਸ ਦੀਆਂ ਭੈਣਾਂ ਦੇ ਗ਼ੈਰਕਾਨੂੰਨੀ ਕਾਰਿਆਂ ਕਾਰਨ ਲਗਾਤਾਰ ਸਿਆਸੀ ਤਾਅਨੇ-ਮਿਹਣੇ ਸੁਣੇ ਅਤੇ ਆਪਣੇ ਭਾਈਆਂ-ਬੰਧੂਆਂ ਤੇ ਹੋਰ ਨੇਕਨੀਅਤਾਂ ਨਾਲ ਰਿਸ਼ਤੇ ਵੀ ਵਿਗਾੜ ਲਏ। ਸ਼ੌਫੀਲਡ ਇਨ੍ਹਾਂ ਸਾਰੇ ਸਮਝੌਤਿਆਂ ਨੂੰ ਸੱਤਾ-ਸੁੱਖ ਦੇ ਮੋਹ ਤੇ ਲੋਭ ਨਾਲ ਜੋੜਦੀ ਹੈ। ਕਿਤਾਬ, ਜ਼ੁਲਫ਼ਿਕਾਰ ਭੁੱਟੋ ਵੱਲੋਂ ਆਪਣੀ ਬੇਟੀ ਨੂੰ ਸੱਤਾ-ਸੁੱਖ ਦੇ ਕਾਬਲ ਬਣਾਉਣ ਲਈ ਕੀਤੀ ਗਈ ਕਵਾਇਦ ਦੀ ਜਾਣਕਾਰੀ ਵੀ ਦਿੰਦੀ ਹੈ ਅਤੇ ਇਸ ਕਵਾਇਦ ਦੇ ਨਤੀਜੇ ਵਜੋਂ ਪੈਦਾ ਹੁੰਦੀ ਰਹੀ ਪਰਿਵਾਰਕ ਕਲਹਿ ਦੇ ਤਸੱਵਰ ਵੀ ਪੇਸ਼ ਕਰਦੀ ਹੈ। ਬੇਨਜ਼ੀਰ ਦੇ ਨਿੱਕੇ ਭਰਾ ਸ਼ਾਹਨਵਾਜ਼ ਭੁੱਟੋ ਦੀ ਭੇਤਭਰੀ ਮੌਤ ਅਤੇ ਮੁਰਤਜ਼ਾ ਭੁੱਟੋ ਦੀ ਹੱਤਿਆ ਨਾਲ ਜੁੜੇ ਕੁਝ ਨਵੇਂ ਖੁਲਾਸੇ ਵੀ ਇਸ ਕਿਤਾਬ ਦਾ ਹਿੱਸਾ ਹਨ। ਉਹ ਆਸਿਫ਼ ਜ਼ਰਦਾਰੀ (ਜਿਸ ਨੂੰ ਮੁਰਤਜ਼ਾ ਭੁੱਟੋ ‘ਚਾਲੀ ਚੋਰਾਂ ਦਾ ਅਵਤਾਰ ਅਲੀ ਬਾਬਾ’ ਦੱਸਿਆ ਕਰਦਾ ਸੀ) ਦੇ ‘ਭ੍ਰਿਸ਼ਟਚਾਰ’ ਅਤੇ ਇਸ ਤੋਂ ਉਪਜੇ ਵਿਲਾਸੀ ਸਾਧਨਾਂ ਦੀ ਬੇਨਜ਼ੀਰ ਵੱਲੋਂ ਬੇਝਿਜਕੀ ਨਾਲ ਵਰਤੋਂ ਦਾ ਜ਼ਿਕਰ ਵੀ ਆਲੋਚਨਾਤਮਕ ਸੁਰ ਨਾਲ ਕਰਦੀ ਹੈ, ਪਰ ਸੰਜਮੀ ਲਹਿਜੇ ਨਾਲ। ਇਹ ਲਹਿਜਾ ਹੀ ਇਸ ਕਿਤਾਬ ਦਾ ਕਮਜ਼ੋਰ ਪੱਖ ਹੈ। ਅਜਿਹੀ ਲਿਹਾਜ਼ਦਾਰੀ ਕਿਤਾਬ ਅੰਦਰ ਅਧੂਰੇਪਣ ਦਾ ਅਹਿਸਾਸ ਜਗਾਉਂਦੀ ਹੈ। ਉਂਜ, ਅਜਿਹੇ ਅਹਿਸਾਸ ਦੇ ਬਾਵਜੂਦ ਇਹ ਕਿਤਾਬ, ਸਮਕਾਲੀ ਇਤਿਹਾਸ ਦੇ ਖੇਤਰ ਵਿਚ ਅਹਿਮ ਦਸਤਾਵੇਜ਼ ਹੈ।
* * *
ਗੁਰਮੀਤ ਕੜਿਆਲਵੀ ਦਾ ਨਵਾਂ ਕਹਾਣੀ ਸੰਗ੍ਰਹਿ ‘ਹਾਰੀਂ ਨਾ ਬਚਨਿਆ’ (ਚੇਤਨਾ ਪ੍ਰਕਾਸ਼ਨ; 174 ਪੰਨੇ; 250 ਰੁਪਏ) ਹਾਲ ਹੀ ਵਿਚ ਪੜ੍ਹਨ ਨੂੰ ਮਿਲਿਆ। ਮੈਂ ਗੁਰਮੀਤ ਦੀਆਂ ਕੁਝ ਕਹਾਣੀਆਂ ਅਖ਼ਬਾਰਾਂ ਵਿਚ ਪੜ੍ਹੀਆਂ ਹੋਈਆਂ ਸਨ, ਪਰ ਉਸ ਦੀ ਲੇਖਣ ਕਲਾ ਦੇ ਬਹੁਤੇ ਆਯਾਮਾਂ ਤੋਂ ਨਾਵਾਕਫ਼ ਸਾਂ। ‘ਹਾਰੀਂ ਨਾ ਬਚਨਿਆ’ ਅਤੇ ਇਸ ਦੇ ਨਾਲ ਆਏ ਨਾਵਲ ‘ਉਹ ਇੱਕੀ ਦਿਨ’ ਨੇ ਉਸ ਦੀ ਬਹੁਵਿਧਾਈ ਹੁਨਰਮੰਦੀ ਨਾਲ ਜਾਣ-ਪਛਾਣ ਕਰਾਈ। ਖੁਸ਼ਗਵਾਰ ਰਹੀ ਇਹ ਜਾਣ-ਪਛਾਣ।
‘ਹਾਰੀਂ ਨਾ ਬਚਨਿਆ’ ਵਿਚ ਇਸੇ ਸਿਰਲੇਖ ਵਾਲੀ ਕਹਾਣੀ ਸਮੇਤ ਅੱਠ ਕਹਾਣੀਆਂ ਸ਼ਾਮਲ ਹਨ। ਸਾਰੀਆਂ ਯਥਾਰਥਵਾਦੀ। ਸਾਡੀ ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬਿਆਂ ਤੇ ਉਨ੍ਹਾਂ ਨਾਲ ਜੁੜੇ ਅਹਿਸਾਸਾਂ ਤੇ ਸਬਕਾਂ ਵਰਗੀਆਂ। ‘ਕਮੀਨਾ’ ਤੇ ‘ਕੀ ਕਰਾਂ’ ਕਹਾਣੀਆਂ ਪਰਿਵਾਰਕ-ਸਮਾਜਿਕ ਮਜਬੂਰੀਆਂ ਦੇ ਮਨੋਵਿਗਿਆਨਕ ਪੱਖਾਂ ਦਾ ਚਿਤਰਣ ਸੂਖ਼ਮ-ਭਾਵੀ ਲਹਿਜੇ ਨਾਲ ਕਰਦੀਆਂ ਹਨ। ‘ਛਿਲਤਰਾਂ’ ਅਜੋਕੇ ਜੀਵਨ ਦੇ ਕੁਢੱਬਾਂ ਨਾਲ ਜੱਦੋਜਹਿਦ ਦੀ ਤਰਜਮਾਨੀ ਕਰਦੀ ਹੈ। ‘ਹਾਰੀਂ ਨਾ ਬਚਨਿਆ’ ਵਜੂਦ ਦੀ ਲੜਾਈ ਵਿਚ ਨਿੱਤ ਦੀਆਂ ਹਾਰਾਂ ਦੇ ਬਾਵਜੂਦ ਆਸ ਦਾ ਪਰਚਮ ਬੁਲੰਦ ਰੱਖਣ ਦਾ ਸੁਨੇਹਾ ਦਿੰਦੀ ਹੈ- ਪ੍ਰਚਾਰਵਾਦੀ ਜਾਂ ਊਲਾਰਵਾਦੀ ਢੰਗ ਨਾਲ ਨਹੀਂ, ਅਸਲਵਾਦੀ ਹੱਦਾਂ ਦੇ ਅੰਦਰ ਰਹਿ ਕੇ। ਵਿਸ਼ਾ-ਵਸਤੂ ਦੇ ਨਿਭਾਅ ਤੇ ਨਾਟਕੀਅਤਾ ਪੱਖੋਂ ਸਾਰੀਆਂ ਕਹਾਣੀਆਂ ਜਾਨਦਾਰ ਹਨ। ਇਹ ਤੱਤ ਵੀ ਇਸ ਸੰਗ੍ਰਹਿ ਨੂੰ ਥਾਪੜੇ ਦਾ ਹੱਕਦਾਰ ਬਣਾਉਂਦਾ ਹੈ।