ਹਰ ਸਮਾਜ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਔਰਤਾਂ ਨੂੰ ਮਾਣ ਸਨਮਾਨ ਅਤੇ ਬਰਾਬਰੀ ਦੇ ਹੱਕ ਦੇਵੇ। ਸਦੀਆਂ ਤੋਂ ਪੰਜਾਬ ਵਿਚ ਮਰਦ ਪ੍ਰਧਾਨ ਸਮਾਜ ਰਿਹਾ ਹੈ ਜਿਸ ਵਿਚ ਔਰਤਾਂ ਦਾ ਦਰਜਾ ਗੌਣ ਜਾਂ ਦੁਜੈਲਾ ਹੈ। ਇਹ ਵੀ ਆਸ ਕੀਤੀ ਜਾਂਦੀ ਹੈ ਕਿ ਸਿੱਖਿਆ ਦੇ ਪਾਸਾਰ ਨਾਲ ਜਾਗਰੂਕਤਾ ਫੈਲੇਗੀ ਅਤੇ ਨਾ-ਬਰਾਬਰੀ ਖ਼ਤਮ ਹੋਵੇਗੀ। ਵਿੱਦਿਆ ਖਲਾਅ ਵਿਚ ਨਹੀਂ ਫੈਲਦੀ; ਇਸ ਦਾ ਪਸਾਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਅਦਾਰਿਆਂ ਰਾਹੀਂ ਹੀ ਹੁੰਦਾ ਹੈ। ਬਾਕੀ ਖੇਤਰਾਂ ਵਾਂਗ ਇਨ੍ਹਾਂ ਅਦਾਰਿਆਂ ’ਤੇ ਵੀ ਮਰਦਾਂ ਦਾ ਹੀ ਕੰਟਰੋਲ ਰਿਹਾ ਹੈ। ਇਸ ਦੇ ਬਾਵਜੂਦ ਵਿੱਦਿਆ ਦੇ ਫੈਲਾਅ ਨੇ ਚੇਤਨਤਾ ਪੈਦਾ ਕੀਤੀ ਹੈ ਪਰ ਕਈ ਵਾਰ ਅਜਿਹੇ ਚਿੰਤਾਜਨਕ ਪੱਖ ਸਾਹਮਣੇ ਆਉਂਦੇ ਹਨ ਕਿ ਅਸੀਂ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਾਂ ਕਿ ਨੈਤਿਕ ਪੱਖ ਤੋਂ ਸਾਡਾ ਸਮਾਜ ਕਿੰਨਾ ਕਮਜ਼ੋਰ ਹੈ। ਵਿਦਿਆਰਥਣਾਂ ਨਾਲ ਬਦਸਲੂਕੀ ਕਰਨ ਦੇ ਸਬੂਤ ਮਿਲਣ ਕਾਰਨ ਪੰਜਾਬ ਦੇ ਨਿੱਜੀ ਖੇਤਰ ਦੇ ਇਕ ਸਕੂਲ ਦੇ ਪ੍ਰਿੰਸੀਪਲ ਦਾ ਗ੍ਰਿਫ਼ਤਾਰ ਹੋਣਾ ਇਸ ਦੀ ਉਦਾਹਰਨ ਹੈ। ਖ਼ਬਰਾਂ ਅਨੁਸਾਰ ਉਸ ਦੇ ਵਿਦਿਆਰਥਣਾਂ ਨਾਲ ਬਦਸਲੂਕੀ ਕਰਨ ਦੇ ਸਬੂਤ ਉਦੋਂ ਮਿਲੇ ਜਦ ਉਸ ਨੇ ਆਪਣਾ ਕੰਪਿਊਟਰ ਮੁਰੰਮਤ ਕਰਨ ਲਈ ਦਿੱਤਾ। ਉਸ ਦੀਆਂ ਵਿਦਿਆਰਥਣਾਂ ਨਾਲ ਬਦਸਲੂਕੀ ਕਰਨ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਈਆਂ ਹਨ। ਹੋਰ ਚਿੰਤਾਜਨਕ ਗੱਲ ਇਹ ਹੈ ਕਿ ਉਹ ਬਹੁਤ ਦੇਰ ਤਕ ਅਜਿਹਾ ਵਿਹਾਰ ਕਰਦਾ ਰਿਹਾ ਪਰ ਫੜਿਆ ਇਸ ਲਈ ਨਹੀਂ ਜਾ ਸਕਿਆ ਕਿਉਂਕਿ ਮਾਪਿਆਂ ਨੂੰ ਇਹ ਫ਼ਿਕਰ ਸੀ ਕਿ ਸ਼ਿਕਾਇਤ ਕਰਨ ਨਾਲ ਉਨ੍ਹਾਂ ਦੀਆਂ ਧੀਆਂ ਦੀ ਬਦਨਾਮੀ ਹੋਵੇਗੀ। ਇਹ ਜ਼ੁਲਮ ਛੋਟੀ ਉਮਰ ਦੀਆਂ ਕੁੜੀਆਂ ’ਤੇ ਹੋਇਆ।
ਨਿੱਜੀ ਖੇਤਰ ਦੇ ਸਕੂਲਾਂ ਵਿਚ ਵੱਡੀ ਸਮੱਸਿਆ ਉਨ੍ਹਾਂ ਦੀ ਨਿਗਾਹਬਾਨੀ ਬਾਰੇ ਹੈ। ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਬਹੁਤ ਖਿੱਚ ਪਾਉਣ ਵਾਲੇ ‘ਅੰਗਰੇਜ਼ੀ’ ਸਕੂਲ ਹੋਂਦ ਵਿਚ ਆਏ ਹਨ ਪਰ ਉਨ੍ਹਾਂ ਵਿਚ ਪੜ੍ਹਾਈ ਦਾ ਪੱਧਰ ਬਹੁਤ ਨੀਵਾਂ ਹੈ। ਬਹੁਤ ਵਾਰ ਉਨ੍ਹਾਂ ਦਾ ਮਾਲਕ, ਸੰਚਾਲਕ ਅਤੇ ਮੁਖੀ ਇਕ ਹੀ ਹੁੰਦਾ ਹੈ ਜੋ ਕਿਸੇ ਸੰਸਥਾ, ਅਧਿਕਾਰੀ, ਪੰਚਾਇਤ ਜਾਂ ਨਗਰਪਾਲਿਕਾ ਨੂੰ ਜਵਾਬਦੇਹ ਨਹੀਂ ਹੁੰਦਾ। ਅਜਿਹੇ ਅਦਾਰਿਆਂ ਵਿਚ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਦਾ ਵੀ ਤ੍ਰਿਸਕਾਰ ਹੁੰਦਾ ਹੈ ਅਤੇ ਉਨ੍ਹਾਂ ਨੂੰ ਘੱਟ ਤਨਖ਼ਾਹ ’ਤੇ ਕੰਮ ਕਰਨਾ ਪੈਂਦਾ ਹੈ। ਗ਼ਲਤ ਘਟਨਾਵਾਂ ਹੁੰਦੀਆਂ ਦੇਖ ਕੇ ਵੀ ਉਹ ਜ਼ਬਾਨ ਨਹੀਂ ਖੋਲ੍ਹਦੇ ਕਿਉਂਕਿ ਉਨ੍ਹਾਂ ’ਤੇ ਨੌਕਰੀਆਂ ਖੋਹੇ ਜਾਣ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਮਾਪੇ ਇਹ ਸਮਝਦੇ ਹਨ ਕਿ ਉਨ੍ਹਾਂ ਦੇ ਬੱਚੇ ‘ਅੰਗਰੇਜ਼ੀ’ ਸਕੂਲਾਂ ਵਿਚ ਪੜ੍ਹ ਰਹੇ ਹਨ ਪਰ ਅਜਿਹੇ ਅਦਾਰਿਆਂ ਦੇ ਸੰਚਾਲਕ ਲੋਕਾਂ ਨਾਲ ਧੋਖਾ ਕਰ ਰਹੇ ਹੁੰਦੇ ਹਨ।
ਵਿੱਦਿਆ ਪ੍ਰਾਪਤੀ ਧੀਆਂ ਦਾ ਹੱਕ ਹੈ। ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਮਾਜ ਅਤੇ ਸਰਕਾਰ ਦੀ ਹੈ। ਸਮੱਸਿਆ ਉਦੋਂ ਜਟਿਲ ਹੋ ਜਾਂਦੀ ਹੈ ਜਦੋਂ ਪੀੜਤ ਬੱਚੀਆਂ ਅਤੇ ਮਾਪੇ ਸ਼ਿਕਾਇਤ ਕਰਨ ਲਈ ਸਾਹਮਣੇ ਨਹੀਂ ਆਉਂਦੇ। ਇਸ ਕਾਰਨ ਕੁਕਰਮ ਕਰਨ ਵਾਲੇ ਵਿਅਕਤੀਆਂ ਦੇ ਹੌਸਲੇ ਵਧਦੇ ਹਨ ਅਤੇ ਉਹ ਇਕ ਤੋਂ ਬਾਅਦ ਦੂਸਰੀ ਬੱਚੀ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਸਕੂਲ ਵਿਚ ਇਹ ਵਰਤਾਰਾ ਕਈ ਸਾਲਾਂ ਤਕ ਚੱਲਿਆ ਅਤੇ ਮੁਲਜ਼ਮ ਗ੍ਰਿਫ਼ਤਾਰ ਵੀ ਨਹੀਂ ਸੀ ਹੋਣਾ ਜੇ ਉਸ ਦੇ ਕੰਪਿਊਟਰ ’ਚੋਂ ਤਸਵੀਰਾਂ ਬਰਾਮਦ ਨਾ ਹੁੰਦੀਆਂ। ਸਮਾਜ ਸਾਹਮਣੇ ਵੱਡਾ ਸਵਾਲ ਇਹ ਹੈ ਕਿ ਅਸੀਂ ਆਪਣੀਆਂ ਧੀਆਂ ਦੀ ਸੁਰੱਖਿਆ ਬਾਰੇ ਚੁੱਪ ਕਿਉਂ ਰਹਿੰਦੇ ਹਾਂ। ਇਸ ਸਬੰਧ ਵਿਚ ਸਖ਼ਤ ਕਾਨੂੰਨ ਬਣੇ ਹੋਏ ਹਨ ਪਰ ਕਾਨੂੰਨੀ ਕਾਰਵਾਈ ਤਾਂ ਹੀ ਹੋ ਸਕਦੀ ਹੈ ਜਦ ਅਜਿਹਾ ਵਰਤਾਓ ਕਰਨ ਵਾਲਿਆਂ ਵਿਰੁੱਧ ਤੁਰੰਤ ਸ਼ਿਕਾਇਤ ਦਰਜ ਕਰਾਈ ਜਾਵੇ। ਬਦਨਾਮ ਹੋਣ ਦੀ ਦਲੀਲ ਕਾਰਨ ਚੁੱਪ ਰਹਿਣਾ ਧੀਆਂ ’ਤੇ ਹੁੰਦੇ ਜਬਰ ਜ਼ੁਲਮ ਨੂੰ ਵਧਾਉਂਦਾ ਹੈ। ਇਸ ਕੇਸ ਵਿਚ ਸਖ਼ਤ ਕਾਰਵਾਈ ਕਰਨ ਲਈ ਪੀੜਤ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੈ। ਅਜਿਹੇ ਮਾਮਲੇ ਸੰਵੇਦਨਸ਼ੀਲ ਹੁੰਦੇ ਹਨ ਪਰ ਚੁੱਪ ਰਹਿਣਾ ਮਸਲੇ ਦਾ ਹੱਲ ਨਹੀਂ ਹੈ।