ਨਵੀਂ ਦਿੱਲੀ (ਪੱਤਰ ਪ੍ਰੇਰਕ): ਟਿਕਰੀ ਬਾਰਡਰ ’ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਵਿਚ ਬੀਕੇਯੂ ਏਕਤਾ ਉਗਰਾਹਾਂ ਦੀ ਸਟੇਜ ਤੋਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 28 ਅਕਤੂਬਰ ਨੂੰ ਵਾਪਰੀ ਘਟਨਾ ਵਿੱਚ ਤਿੰਨ ਕਿਸਾਨ ਬੀਬੀਆਂ ਅਮਰਜੀਤ ਕੌਰ, ਗੁਰਮੇਲ ਕੌਰ ਅਤੇ ਸੁਖਵਿੰਦਰ ਕੌਰ ਸ਼ਹੀਦ ਹੋ ਗਈਆਂ ਸਨ। ਬੀਬੀ ਗੁਰਮੇਲ ਕੌਰ ਰੋਹਤਕ ਦੇ ਪੀਜੀਆਈ ਹਸਪਤਾਲ ’ਚ ਜ਼ੇਰੇ ਇਲਾਜ ਹੈ। ਕਿਸਾਨ ਆਗੂ ਨੇ ਕਿਹਾ ਕਿ ਇਹ ਕੇਂਦਰ ’ਚ ਹਕੂਮਤ ਕਾਰਨ ਵਾਲੀ ਭਾਜਪਾ ਸਰਕਾਰ ਅਜੇ ਤੱਕ ਕਿਸਾਨ ਅੰਦੋਲਨ ਨੂੰ ਸਮਝ ਹੀ ਨਹੀਂ ਸਕੀ ਕਿ ਪਿਛਲੇ 11 ਮਹੀਨਿਆਂ ਤੋਂ ਅੰਦੋਲਨ ਅਨੇਕਾਂ ਘਟਨਾਵਾਂ ਵਾਪਰਨ ਦੇ ਬਾਵਜੂਦ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ 28 ਅਕਤੂਬਰ ਦੀ ਘਟਨਾ ਨੇ ਅੰਦੋਲਨਕਾਰੀਆਂ ਖ਼ਾਸਕਰਕੇ ਬੀਬੀਆਂ ਦੇ ਮਨਾਂ ਨੂੰ ਸੱਟ ਮਾਰੀ ਹੈ ਪਰ ਇਸ ਸੱਟ ਨੇ ਬੀਬੀਆਂ ਦੇ ਮਨਾਂ ਵਿਚ ਕੇਂਦਰ ਖ਼ਿਲਾਫ਼ ਡਟਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿਚ ਵਸਦੇ ਭਾਰਤੀਆਂ ਦੀ ਹਮਾਇਤ ਵੀ ਸੰਘਰਸ਼ੀਆਂ ਨੂੰ ਮਿਲ ਰਹੀ ਹੈ। 30 ਅਕਤੂਬਰ ਨੂੰ ਆਸਟਰੇਲੀਆ ਵਿਚ ਪੱਛਮੀ ਪਰਥ ਦੀ ਪਾਰਲੀਮੈਂਟ ਅੱਗੇ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਸਣੇ ਸੰਘਰਸ਼ ਦੇ ਸਾਰੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।