ਨਵੀਂ ਦਿੱਲੀ, 16 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦੇਸ਼ ਵਿਚ ਹੀ ਵਿਕਸਤ ਕਈ ਫ਼ੌਜੀ ਉਪਕਰਨ ਸੈਨਾ ਨੂੰ ਸੌਂਪੇ। ਇਨ੍ਹਾਂ ਵਿਚ ਉਡਾਣ ਭਰਨ ਵਾਲੇ ਕਈ ਢਾਂਚੇ, ਜੰਗੀ ਵਾਹਨ, ਗਸ਼ਤ ਕਰਨ ਵਾਲੀਆਂ ਕਿਸ਼ਤੀਆਂ ਤੇ ਜਾਸੂਸੀ ਉਪਕਰਨ ਸ਼ਾਮਲ ਸਨ। ਇਨ੍ਹਾਂ ਨਾਲ ਸੈਨਾ ਦੀ ਸਮਰੱਥਾ ਵਿਚ ਵਾਧਾ ਹੋਵੇਗਾ, ਵਿਸ਼ੇਸ਼ ਤੌਰ ’ਤੇ ਪੂਰਬੀ ਲੱਦਾਖ ਵਿਚ ਇਨ੍ਹਾਂ ਨੂੰ ਵਰਤਿਆ ਜਾ ਸਕੇਗਾ। ਫ਼ੌਜ ਨੂੰ ਗੁੰਝਲਦਾਰ ਸੰਚਾਰ ਉਪਕਰਨ, ਹਨੇਰੇ ’ਚ ਕਾਰਗਰ ਤਰੀਕੇ ਨਾਲ ਵਰਤੇ ਜਾ ਸਕਣ ਵਾਲੇ ਉਪਕਰਨ ਤੇ ਥਰਮਲ ਇਮੇਜਰ ਸੌਂਪੇ ਗਏ ਹਨ। ਨਵੀਆਂ ਕਿਸ਼ਤੀਆਂ, ‘ਲੈਂਡਿੰਗ ਕਰਾਫ਼ਟ ਅਸਾਲਟ’ (ਐਲਸੀਏ) ਨਿਗਰਾਨੀ ਉਪਕਰਨਾਂ ਤੇ ਹੋਰ ਢਾਂਚਿਆਂ ਨਾਲ ਲੈਸ ਹਨ। ਇਨ੍ਹਾਂ ਨੂੰ ਪੈਂਗੌਂਗ ਝੀਲ ਖੇਤਰ ਵਿਚ ਨਿਗਰਾਨੀ ਲਈ ਵਰਤਿਆ ਜਾ ਸਕਦਾ ਹੈ ਜਿੱਥੇ ਭਾਰਤ ਦਾ ਚੀਨ ਨਾਲ ਟਕਰਾਅ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਇਹ ਉਪਕਰਨ ਅਸਲ ਕੰਟਰੋਲ ਰੇਖਾ ’ਤੇ ਵੀ ਵਰਤੇ ਜਾਣਗੇ। ਰੱਖਿਆ ਮੰਤਰੀ ਨੇ ਭਰੋਸਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਉਪਕਰਨ ਤੇ ਢਾਂਚੇ ਭਾਰਤੀ ਸੈਨਾ ਦੀ ਜੰਗੀ ਤਿਆਰੀ ਨੂੰ ਯਕੀਨੀ ਤੌਰ ’ਤੇ ਬਿਹਤਰ ਕਰਨਗੇ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਰੱਖਿਆ ਖੇਤਰ ਵਿਚ ਆਤਮ-ਨਿਰਭਰ ਹੋਣ ਵੱਲ ਵਧਣ ਦੀ ਮਿਸਾਲ ਹਨ। -ਪੀਟੀਆਈ