ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 2 ਸਤੰਬਰ
ਇੱਕ ਔਰਤ ’ਤੇ ਫਾਇਰਿੰਗ ਕਰਨ ਦੇ ਦੋਸ਼ ਹੇਠ ਸੱਤ ਮੁਲਜ਼ਮਾਂ ਨੂੰ ਗੁਰਦਾਸਪੁਰ ਦੇ ਸਦਰ ਪੁਲੀਸ ਸਟੇਸ਼ਨ ’ਚ ਨਾਮਜ਼ਦ ਕੀਤਾ ਗਿਆ ਹੈ। ਪਿੰਡ ਜੀਵਨਵਾਲ ਦੀ ਵਾਸੀ ਕਸ਼ਮੀਰ ਕੌਰ ਦੀ ਸ਼ਿਕਾਇਤ ’ਤੇ ਤਰਲੋਕ ਸਿੰਘ, ਬਿੱਕਰ ਸਿੰਘ ਵਾਸੀ ਪਿੰਡ ਸਲਾਹ ਪੁਰ, ਸੁੱਚਾ ਸਿੰਘ, ਕੁਲਜੀਤ ਸਿੰਘ, ਕੁਲਵੰਤ ਸਿੰਘ ਨਿਵਾਸੀ ਜੀਵਨਵਾਲ ਅਤੇ ਦੋ ਹੋਰ ਅਣਪਛਾਤਿਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕਸ਼ਮੀਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਸਰੂਪ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਪੁੱਤਰ ਬਿਕਰਮਜੀਤ ਸਿੰਘ ਦੇ ਨਾਮ ’ਤੇ ਸਾਢੇ 6 ਕਨਾਲ ਜ਼ਮੀਨ ਹੈ ਜੋ ਘਰ ਦੇ ਪਿਛਲੇ ਪਾਸੇ ਥੋੜ੍ਹੀ ਹੀ ਦੂਰ ਸਥਿਤ ਹੈ। ਵੀਰਵਾਰ ਦੁਪਹਿਰ ਸਮੇਂ ਉਹ ਆਪਣੀ ਜ਼ਮੀਨ ’ਤੇ ਗਈ ਸੀ ਕਿ ਮੁਲਜ਼ਮ ਦੋ ਇਨੋਵਾ ਗੱਡੀਆਂ ’ਤੇ ਸਵਾਰ ਹੋ ਕੇ ਆਏ। ਤਰਲੋਕ ਸਿੰਘ ਨੇ ਉਸ ’ਤੇ ਰਿਵਾਲਵਰ ਤਾਣ ਦਿੱਤਾ ਜਿਸ ’ਤੇ ਉਹ ਦੌੜ ਕੇ ਘਰ ਵਿੱਚ ਜਾ ਲੁਕੀ। ਮੁਲਜ਼ਮ ਉਸ ਦਾ ਪਿੱਛਾ ਕਰਦਿਆਂ ਘਰ ਪਹੁੰਚ ਗਏ ਅਤੇ ਫਿਰ ਤੋਂ ਰਿਵਾਲਵਰ ਕੱਢ ਲਿਆ। ਉਸ ਸਮੇਂ ਉਸ ਦਾ ਲੜਕਾ ਤੇ ਭਤੀਜਾ ਘਰ ਮੌਜੂਦ ਸਨ। ਉਸ ਦੇ ਭਤੀਜੇ ਨੇ ਤਰਲੋਕ ਸਿੰਘ ਤੋਂ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਰਿਵਾਲਵਰ ਵਿੱਚੋਂ ਹਵਾਈ ਫਾਇਰ ਹੋ ਗਿਆ। ਰੌਲਾ ਪੈਣ ’ਤੇ ਮੁਲਜ਼ਮਾਂ ਵੱਲੋਂ ਤਿੰਨ ਫਾਇਰ ਕੀਤੇ ਗਏ। ਸਾਰੇ ਮੁਲਜ਼ਮ ਫ਼ਰਾਰ ਹਨ ਅਤੇ ਪੁਲੀਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ।