ਪੱਤਰ ਪ੍ਰੇਰਕ
ਤਰਨ ਤਾਰਨ, 2 ਸਤੰਬਰ
ਇਲਾਕੇ ਦੇ ਪਿੰਡ ਠੱਠਗੜ੍ਹ ਦੇ ਲੋਕਾਂ ਨੇ ਬੀਤੇ ਕਈ ਸਾਲਾਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੂੰ ਜਾਣੂ ਕਰਵਾਇਆ ਹੈ| ਵਿਧਾਇਕ ਡਾ. ਸੋਹਲ ਅੱਜ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਿੰਡ ਆਏ ਸਨ| ਇਸ ਮੁੱਦੇ ਸਬੰਧੀ ਪਿੰਡ ਦੇ ਲੋਕ ਦੋ ਧੜਿਆਂ ਵਿੱਚ ਵੰਡੇ ਗਏ ਹਨ| ਪਿੰਡ ਵਾਸੀਆਂ ਨੇ ਰੇਸ਼ਮ ਸਿੰਘ ਦੀ ਅਗਵਾਈ ਵਿੱਚ ਡਾ. ਸੋਹਲ ਨੂੰ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦਾ ਪਾਣੀ ਗਲੀਆਂ-ਬਾਜ਼ਾਰਾਂ ਵਿੱਚ ਖੜ੍ਹਾ ਰਹਿੰਦਾ ਹੈ| ਉਥੇ ਹੀ ਲੋਕਾਂ ਦਾ ਇਕ ਧੜਾ ਪਿੰਡ ਦੇ ਛੱਪੜ ਦੀ ਜ਼ਮੀਨ ’ਤੇ ਕਬਜ਼ਾ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ ਅਤੇ ਦੂਸਰਾ ਧੜਾ ਪਾਣੀ ਦੀ ਨਿਕਾਸੀ ਛੱਪੜ ਵਿੱਚ ਕਰਨ ਲਈ ਪੋਰੇ ਪਾਉਣ ਦਾ ਸੁਝਾਅ ਦੇ ਰਿਹਾ ਹੈ| ਪ੍ਰਸ਼ਾਸ਼ਨ ਨੇ ਪੋਰੇ ਪਿੰਡ ਵਿੱਚ ਭੇਜੇ ਹੋਏ ਹਨ ਪਰ ਇਕ ਧੜੇ ਵਲੋਂ ਵਿਰੋਧ ਕਰਨ ਕਰਕੇ ਮਸਲਾ ਹੱਲ ਨਹੀਂ ਹੋ ਰਿਹਾ| ਵਿਧਾਇਕ ਡਾ. ਸੋਹਲ ਨੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਛੇਤੀ ਕੀਤੇ ਜਾਣ ਦਾ ਵਿਸ਼ਵਾਸ ਦਿੱਤਾ ਹੈ|