ਮੁਕੰਦ ਸਿੰਘ ਚੀਮਾ
ਸੰਦੌੜ, 27 ਨਵੰਬਰ
ਲੰਘੀ 23 ਨਵੰਬਰ ਨੂੰ ਪਿੰਡ ਕਸਬਾ ਭੁਰਾਲ ਵਿੱਚ ਕੁਝ ਵਿਅਕਤੀਆਂ ਵੱਲੋਂ ਬਜ਼ੁਰਗ ਗੁਰਮੇਲ ਸਿੰਘ ਨੂੰ ਜਿਉਂਦੇ ਨੂੰ ਅੱਗ ਵਿਚ ਸੁੱਟ ਕੇ ਸਾੜ ਦੇਣ ਦੇ ਮਾਮਲੇ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਮੈਂਬਰ ਪਰਮਜੀਤ ਕੌਰ ਨੇ ਅੱਜ ਉਕਤ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਪਰਮਜੀਤ ਕੌਰ ਨੇ ਡੀ.ਐੱਸ.ਪੀ ਪਵਨਜੀਤ ਸਿੰਘ ਤੋਂ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਪੁਲੀਸ ਨੂੰ ਤੁਰੰਤ ਦੋਸ਼ੀਆਂ ਖਿਲ਼ਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਪੁਲੀਸ ਨੂੰ ਇਸ ਮਾਮਲੇ ਦੀ ਮੁਕੰਮਲ ਰਿਪੋਰਟ 8 ਦਸੰਬਰ ਤੱਕ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ ਜਦਕਿ ਪੁਲੀਸ ਨੇ ਇਸ ਮਾਮਲੇ ਵਿਚ ਸਬੰਧਤ ਮੁਲਜ਼ਮਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਕਸਬਾ ਭੁਰਾਲ ਨਾਲ ਸਬੰਧਤ ਬਜ਼ੁਰਗ ਗੁਰਮੇਲ ਸਿੰਘ ਵੱਲੋਂ ਇਕ ਜਗ੍ਹਾ ’ਤੇ ਛੱਤ ਪਾ ਕੇ ਕੁਝ ਹਿੱਸੇ ਵਿਚ ਤੂੜੀ ਭਰੀ ਹੋਈ ਸੀ ਤਾਂ ਉਕਤ ਥਾਂ ’ਤੇ ਕਬਜ਼ੇ ਨੂੰ ਲੈ ਕੇ ਕੁੱਝ ਵਿਅਕਤੀਆਂ ਨੇ ਉਸ ਤੂੜੀ ਨੂੰ ਅੱਗ ਲਗਾ ਦਿੱਤੀ ਸੀ ਅਤੇ ਵਿਰੋਧ ਕਰਨ ’ਤੇ ਬਜ਼ੁਰਗ ਗੁਰਮੇਲ ਸਿੰਘ ਨੂੰ ਅੱਗ ਵਿਚ ਸੁੱਟ ਦਿੱਤਾ ਸੀ, ਜਿਸ ਕਾਰਨ ਬਜ਼ੁਰਗ ਕਾਫੀ ਸੜ ਗਿਆ, ਜੋ ਇਸ ਵੇਲੇ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਜ਼ੇਰੇ ਇਲਾਜ ਹੈ। ਇਸ ਮਾਮਲੇ ਵਿਚ ਸੰਦੌੜ ਪੁਲੀਸ ਨੇ ਦਰਸ਼ਨ ਸਿੰਘ, ਸਮਸ਼ੇਰ ਸਿੰਘ, ਕਾਲੂ ਸਿੰਘ, ਦਰਸ਼ਨ ਸਿੰਘ ਪੁੱਤਰ ਗੁਰਦੇਵ ਸਿੰਘ ਸਮੇਤ 20 ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 307 ਸਮੇਤ ਵੱਖ ਵੱਖ ਧਾਰਾਵਾਂ ਅਤੇ ਐੱਸਸੀ ਐਕਟ ਤਹਿਤ ਮਾਮਲਾ ਵੀ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਇਸ ਮਾਮਲੇ ’ਚ ਇਕ ਮੁਲਜ਼ਮ ਗ੍ਰਿਫਤਾਰ ਵੀ ਕੀਤਾ ਗਿਆ ਹੈ।