ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 14 ਅਪਰੈਲ
ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਹੈ ਕਿ ਸੂਬੇ ਵਿਚ ਅਜੇ ਤੱਕ ਬਿਜਲੀ ਨਾਲ ਸਬੰਧਤ ਕੋਈ ਵੀ ਸਮੱਸਿਆ ਨਜ਼ਰ ਨਹੀਂ ਆਈ ਹੈ, ਜੇ ਕਿਸੇ ਪੱਧਰ ’ਤੇ ਬਿਜਲੀ ਦੀ ਕਿੱਲਤ ਆਈ ਤਾਂ ਬਿਜਲੀ ਖਰੀਦ ਕੇ ਸੂਬੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਅੱਜ ਸ਼ਾਹਬਾਦ ਦੇ ਪਿੰਡ ਤਿਉੜੀ ਵਿਚ ਪਾਰਟੀ ਵਰਕਰ ਰਣਧੀਰ ਦੇ ਨਿਵਾਸ ’ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਦੜ ਦਾ ਯੂਨਿਟ ਕੁਝ ਡਾਊਨ ਹੋਇਆ ਹੈ ਪਰ ਕੋਲੇ ਦੀ ਕਮੀ ਨਹੀਂ ਹੈ। ਸੂਬੇ ਵਿਚ ਬਿਜਲੀ ਉਤਪਾਦਨ ਸੀਮਤ ਹੈ, ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਕੰਪਨੀਆਂ ਨਾਲ ਸਮਝੌਤੇ ਹੋ ਗਏ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਆਪਣਾ ਬਜਟ ਪੇਸ਼ ਨਹੀਂ ਕੀਤਾ ਹੈ। ਪੰਜਾਬ ਸਰਕਾਰ ਨੇ ਲੋਕਾਂ ਨਾਲ ਵਾਅਦੇ ਬਹੁਤ ਕੀਤੇ ਹਨ ਪਰ ਹੁਣ ਦੇਖਣਾ ਹੈ ਕਿ ਉਹ ਆਪਣੇ ਕੀਤੇ ਵਾਅਦਿਆਂ ’ਤੇ ਕਿੰਨੀ ਖਰੀ ਉਤਰਦੀ ਹੈ। ਪੰਜਾਬ ਸਰਕਾਰ ਲਈ ਛੇ ਮਹੀਨੇ ਇਮਤਿਹਾਨ ਦੇ ਹਨ। ਉਨ੍ਹਾਂ ਕਿਹਾ ਕਿ ਨਿੱਜੀ ਖੇਤਰਾਂ ਵਿੱਚ ਸੂਬੇ ਦੇ ਨੌਜਵਾਨਾਂ ਨੂੰ 75 ਫੀਸਦੀ ਰਾਖਵਾਂਕਰਨ ਦੇਣ ਦਾ ਅਦਾਲਤ ਵਿੱਚ ਬਹਿਸ ਦਾ ਕੰਮ ਪੂਰਾ ਹੋ ਚੁੱਕਾ ਹੈ ਤੇ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਸਰਕਾਰ ਅਗਲੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਲਈ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਇਸ ਮੌਕੇ ਸੂਬਾ ਵਾਸੀਆਂ ਨੂੰ ਡਾ. ਭੀਮ ਰਾਓ ਅੰਬੇਡਕਰ ਦੀ 131ਵੀਂ ਜੈਅੰਤੀ ਤੇ ਵਿਸਾਖੀ ਪੁਰਬ ਦੀ ਵਧਾਈ ਦਿੱਤੀ।