ਬਰਨਾਲਾ: ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਜਸਵੰਤ ਸਿੰਘ ਜ਼ਫ਼ਰ ਨੂੰ ਬੇਬੇ ਗੁਰਦਿਆਲ ਕੌਰ ਅਤੇ ਬਾਪੂ ਹਰਚੰਦ ਸਿੰਘ ਟੱਲੇਵਾਲੀਆ ਦੀ ਯਾਦ ਨੂੰ ਸਮਰਪਿਤ ਚੌਥਾ ਸਾਲਾਨਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਜਸਵੰਤ ਜ਼ਫਰ ਦੀ ਕਵਿਤਾ ਯਥਾਰਥਵਾਦੀ ਅਤੇ ਸੂਖਮਭਾਵੀ ਹੈ, ਜੋ ਲੋਕ ਮਨਾਂ ਨੂੰ ਟੁੰਬਦੀ ਹੈ ਤੇ ਲੋਕਾਂ ਦੀ ਗੱਲ ਕਰਦੀ ਹੈ। ਡਾ. ਤੇਜਾ ਸਿੰਘ ਤਿਲਕ ਨੇ ਕਿਹਾ ਕਿ ਜਸਵੰਤ ਸਿੰਘ ਜਫ਼ਰ ਨੇ ਪੰਜਾਬੀ ਸ਼ਾਇਰੀ ਵਿੱਚ ਹੋਰਾਂ ਤੋਂ ਹਟ ਕਿ ਸ਼ਾਇਰੀ ਦੀ ਸਿਰਜਣਾ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਜੋਗਿੰਦਰ ਸਿੰਘ ਨਿਰਾਲਾ ਭੋਲਾ ਸਿੰਘ ਸੰਘੇੜਾ, ਜੁਗਰਾਜ ਧੌਲਾ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਦਰਸ਼ਨ ਸਿੰਘ ਗੁਰੂ, ਸ਼ਾਇਰ ਤਰਸੇਮ, ਗੁਰਸੇਵਕ ਧੌਲਾ, ਸਾਗਰ ਸਿੰਘ ਸਾਗਰ ਆਦਿ ਲੇਖਕਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। -ਖੇਤਰੀ ਪ੍ਰਤੀਨਿਧ