ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਜੂਨ
ਵੀਵੀਆਈਪੀ ਦੀ ਆਮਦ ਵੇਲੇ ਆਮ ਲੋਕਾਂ ਦੀ ਖੱਜਲ-ਖੁਆਰੀ ਹੋਣੀ ਤੈਅ ਹੈ। ਅੱਜ ਜਲੰਧਰ ਦੇ ਬੱਸ ਅੱਡੇ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਲਈ ਵੋਲਵੋ ਬੱਸ ਸੇਵਾ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਨੂੰ ਨਿਰਵਿਘਨ ਸਿਰੇ ਚੜ੍ਹਾਉਣ ਲਈ ਪੁਲੀਸ ਅਧਿਕਾਰੀਆਂ ਨੇ ਇੰਨੀ ਸਖ਼ਤੀ ਦਿਖਾਈ ਕਿ ਅਤਿ ਦੀ ਗਰਮੀ ਵਿੱਚ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦੋਵੇਂ ਮੁੱਖ ਮੰਤਰੀ ਤੇ ਹੋਰ ਵਿਸ਼ੇਸ਼ ਅਧਿਕਾਰੀ ਤਾਂ ਕਰੀਬ ਡੇਢ ਵਜੇ ਬੱਸ ਅੱਡੇ ਪਹੁੰਚੇ ਪਰ ਬੱਸ ਅੱਡਾ ਸਵੇਰੇ ਅੱਠ ਵਜੇ ਤੋਂ ਹੀ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਨਿੱਜੀ ਬੱਸਾਂ ਦਾ ਅੱਡੇ ’ਚ ਆਉਣਾ ਬੰਦ ਸੀ ਅਤੇ ਸਰਕਾਰੀ ਬੱਸਾਂ ਵੀ ਟਾਵੀਂਆਂ-ਟਾਂਵੀਆਂ ਖੜ੍ਹੀਆਂ ਨਜ਼ਰ ਆਈਆਂ। ਪੁਲੀਸ ਮੁਲਾਜ਼ਮਾਂ ਨੇ ਆਟੋ ਰਿਕਸ਼ੇ ਵਾਲਿਆਂ ਨੂੰ ਵੀ ਬੱਸ ਅੱਡੇ ਦੇ ਨੇੜੇ ਨਹੀਂ ਆਉਣ ਦਿੱਤਾ। ਆਟੋ ਰਿਕਸ਼ੇ ਦੂਰ ਕੀਤੇ ਜਾਣ ਨਾਲ ਬੱਚਿਆਂ ਤੇ ਬਜ਼ੁਰਗਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇੱਕ ਰਿਕਸ਼ਾ ਚਾਲਕ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਤੋਂ ਸਵਾਰੀਆਂ ਨੂੰ ਉਡੀਕ ਰਿਹਾ ਸੀ ਪਰ 11 ਵਜੇ ਤੱਕ ਪੁਲੀਸ ਨੇ ਉਸ ਦੇ ਆਟੋ ਰਿਕਸ਼ੇ ਨੂੰ ਅੱਡੇ ਦੇ ਨੇੜੇ ਹੀ ਨਹੀਂ ਆਉਣ ਦਿੱਤਾ, ਜਿਸ ਕਾਰਨ ਉਸ ਦੀ ਦਿਹਾੜੀ ਵੀ ਪੂਰੀ ਨਹੀਂ ਪਈ। ਇੱਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਆਈ ਹੈ, ਜਦੋਂ ਉਹ ਬੱਸ ਅੱਡੇ ’ਚੋਂ ਅੱਗੇ ਜਾਣ ਲਈ ਬੱਸ ਫੜਨ ਲੱਗੀ ਤਾਂ ਉਥੇ ਕੋਈ ਬੱਸ ਹੀ ਨਹੀਂ ਸੀ ਤੇ ਬੱਸ ਅੱਡੇ ’ਚ ਫਾਇਰ ਬ੍ਰਿਗੇਡ ਦੀ ਗੱਡੀ ਖੜ੍ਹੀ ਦੇਖ ਕੇ ਉਹ ਡਰ ਗਈ ਕਿਉਂਕਿ ਉਸ ਨੂੰ ਅੱਜ ਦੇ ਹੋਣ ਵਾਲੇ ਸਮਾਗਮ ਬਾਰੇ ਪਤਾ ਨਹੀਂ ਸੀ। ਪ੍ਰਾਈਵੇਟ ਟਰਾਂਸਪੋਟਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਜਲੰਧਰ ਬੱਸ ਅੱਡੇ ’ਤੇ ਰੋਜ਼ਾਨਾ 70 ਹਜ਼ਾਰ ਤੋਂ ਵੱਧ ਸਵਾਰੀਆਂ ਆਉਂਦੀਆਂ ਜਾਂਦੀਆਂ ਹਨ ਤੇ ਇਹ ਸਾਰੀਆਂ ਸਵਾਰੀਆਂ ਅੱਜ ਸਿੱਖਰ ਦੁਪਹਿਰੇ ਤਿੱਖੀ ਧੁੱਪ ਵਿੱਚ ਇੱਧਰ-ਉੱਧਰ ਭਟਕਦੀਆਂ ਰਹੀਆਂ।
ਬੱਸ ਅੱਡੇ ਦੇ ਆਲੇ-ਦੁਆਲੇ ਵਾਲੀਆਂ ਸਾਰੀਆਂ ਦੁਕਾਨਾਂ ਤੇ ਰੇਹੜੀਆਂ ਆਦਿ ਬੰਦ ਕਰਵਾਈਆਂ ਹੋਈਆਂ ਸਨ। ਅੱਡੇ ਦੇ ਅੰਦਰ ਵੀ 82 ਤੋਂ ਵੱਧ ਦੁਕਾਨਾਂ ਹਨ, ਜਿਹੜੀਆਂ ਸਵੇਰ ਤੋਂ ਬੰਦ ਕਰਵਾ ਦਿੱਤੀਆਂ। ਬੱਸ ਅੱਡੇ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ’ਤੇ ਬੈਰੀਕੇਡ ਲਾਏ ਹੋਏ ਸਨ। ਅੱਡੇ ਨਾਲ ਲੱਗਦੀਆਂ ਸੜਕਾਂ ਨੂੰ ਬੰਦ ਕੀਤਾ ਗਿਆ, ਜਿਸ ਕਾਰਨ ਸਥਾਨਕ ਲੋਕਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਝੱਲਣੀ ਪਈ।