ਇਸਲਾਮਾਬਾਦ, 29 ਅਕਤੂਬਰ
ਇਮਰਾਨ ਖਾਨ ਨੇ ਅੱਜ ਮੁੜ ਪਾਕਿਸਤਾਨ ਦੀ ਤਾਕਤਵਰ ਫ਼ੌਜ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨਾਲ ‘ਭੇਡਾਂ-ਬੱਕਰੀਆਂ’ ਵਰਗਾ ਵਿਹਾਰ ਨਹੀਂ ਹੋਣਾ ਚਾਹੀਦਾ। ਦੱਸਣਯੋਗ ਹੈ ਕਿ ਗੱਠਜੋੜ ਸਰਕਾਰ ਨੇ ਜਲਦੀ ਚੋਣਾਂ ਕਰਾਉਣ ਬਾਰੇ ਸਾਬਕਾ ਪ੍ਰਧਾਨ ਮੰਤਰੀ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਨੇ ਪਾਰਟੀ ਦੇ ਰੋਸ ਮਾਰਚ ਦੇ ਦੂਜੇ ਦਿਨ ਸੰਬੋਧਨ ਕਰਦਿਆਂ ਫ਼ੌਜ ਨੂੰ ਨਿਸ਼ਾਨਾ ਬਣਾਇਆ। ਜ਼ਿਕਰਯੋਗ ਹੈ ਕਿ ਇਮਰਾਨ ਇਹ ਮਾਰਚ ਇਸਲਾਮਾਬਾਦ ਤੱਕ ਕੱਢ ਰਹੇ ਹਨ। ਅੱਜ ਲਾਹੌਰ ਦੇ ਸ਼ਾਹਦਰਾ ਇਲਾਕੇ ਵਿਚ ਇਮਰਾਨ ਨੇ ਕਿਹਾ ਕਿ ਉਹ ਫ਼ੌਜੀ ਲੀਡਰਸ਼ਿਪ ਤੇ ਆਈਐੱਸਆਈ ਬਾਰੇ ਗੱਲ ਕਰ ਰਹੇ ਹਨ। ਇਮਰਾਨ ਨੇ ਕਿਹਾ, ‘ਸਾਨੂੰ ਜਾਨਵਰਾਂ ਵਾਂਗ ਨਾ ਰੱਖੋ, ਤੁਸੀਂ ਪਹਿਲਾਂ ਉਨ੍ਹਾਂ ਨੂੰ ਲੁਟੇਰੇ ਕਹਿੰਦੇ ਹੋ ਤੇ ਮਗਰੋਂ ਸਾਡੇ ਉਤੇ ਥੋਪ ਦਿੰਦੇ ਹੋ, ਫਿਰ ਸਾਨੂੰ ਭੇਡ-ਬੱਕਰੀਆਂ ਦੱਸਦੇ ਹੋ ਤੇ ਆਪਣੇ ਮੁਤਾਬਕ ਚੱਲਣ ਲਈ ਕਹਿੰਦੇ ਹੋੋ।’ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, ‘ਤੁਸੀਂ ਪਹਿਲਾਂ ਕਹਿੰਦੇ ਸੀ ਕਿ ਨਵਾਜ਼ ਸ਼ਰੀਫ਼ ਲੁਟੇਰਾ ਹੈ ਤੇ ਹੁਣ ਉਹ ਪਾਕ-ਸਾਫ਼ ਹੈ। ਪਹਿਲਾਂ ਜ਼ਰਦਾਰੀ ‘ਮਿਸਟਰ 10 ਪ੍ਰਤੀਸ਼ਤ ਸੀ’, ਪਰ ਹੁਣ ਕਿਉਂਕਿ ‘ਅਸੀਂ ਫ਼ੈਸਲਾ ਕਰ ਲਿਆ ਹੈ’, ਤਾਂ ਉਸ ਨੂੰ ਵੀ ਸਵੀਕਾਰ ਲਿਆ ਹੈ।’ ਖਾਨ ਨੇ ਆਪਣੀ ਪਾਰਟੀ ਦੇ ਸੈਨੇਟਰ ਆਜ਼ਮ ਸਵਾਤੀ ’ਤੇ ਫ਼ੌਜ ਵੱਲੋਂ ਤਸ਼ੱਦਦ ਢਾਹੁਣ ਦਾ ਦੋਸ਼ ਵੀ ਲਾਇਆ। ਫ਼ੌਜ ਮੁਖੀ ਖ਼ਿਲਾਫ਼ ਟਵੀਟ ਕਰਨ ’ਤੇ ਆਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਹੁਣ ਉਹ ਜ਼ਮਾਨਤ ’ਤੇ ਬਾਹਰ ਹਨ। ਇਮਰਾਨ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਕਰੀਬੀ ਸ਼ਾਹਬਾਜ਼ ਗਿੱਲ ਤੇ ਪੱਤਰਕਾਰ ਜਮੀਲ ਫਾਰੂਕੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ। -ਪੀਟੀਆਈ