ਸ੍ਰੀ ਮੁਕਤਸਰ ਸਾਹਿਬ(ਨਿੱਜੀ ਪੱਤਰ ਪ੍ਰੇਰਕ): ਜੀਐਸਟੀ ਵਿਭਾਗ ਵੱਲੋਂ ਮੁਕਤਸਰ, ਮਲੋਟ ਅਤੇ ਜਲਾਲਾਬਾਦ ਦੇ ਤੰਬਾਕੂ ਵਪਾਰੀਆਂ ਦੀਆਂ ਦੁਕਾਨ, ਗੋਦਾਮਾਂ, ਫੈਕਟਰੀਆਂ ਅਤੇ ਘਰਾਂ ਉਪਰ ਛਾਪੇ ਮਾਰੇ ਗਏ। ਇਸ ਕਾਰਨ ਤੰਬਾਕੂ ਵਪਾਰੀਆਂ ਨੂੰ ਭਾਜੜਾਂ ਪੈ ਗਈਆਂ। ਵਿਭਾਗ ਦੀ ਟੀਮ ਨੇ ਕੁਝ ਦਸਤਾਵੇਜ਼, ਵਹੀ ਖਾਤੇ ਅਤੇ ਕੰਪਿਊਟਰ ਰਿਕਾਰਡ ਜ਼ਬਤ ਕੀਤਾ ਹੈ। ਮੋਬਾਈਲ ਵਿੰਗ ਦੇ ਡਾਇਰੈਕਟਰ ਐਚਪੀਐਸ ਘੋਤਲਾ ਦੀ ਅਗਵਾਈ ਹੇਠਲੀ ਟੀਮ ਜਿਸ ਵਿੱਚ ਆਮਦਨ ਕਰ ਵਿਭਾਗ ਦੇ ਅਧਿਕਾਰੀ ਐਚਐਸ ਡਿੰਪਲ, ਰਵਿੰਦਰ ਕੁਮਾਰ, ਅਰਵਿੰਦ ਸ਼ਰਮਾ, ਮੁਨੀਸ਼ ਗੋਇਲ, ਸੰਦੀਪ ਗਰਗ, ਨਵਜੋਤ ਸੇਖੋਂ ਅਤੇ ਇਤੇਸ਼ਵਰੀ ਦੀ ਸ਼ਾਮਲ ਸਨ ਨੇ ਵੱਖ ਵੱਖ ਥਾਈਂ ਛਾਪੇ ਮਾਰੇ ਤੇ ਰਿਕਾਰਡ ਜ਼ਬਤ ਕੀਤਾ। ਜਾਣਕਾਰੀ ਅਨੁਸਾਰ ਕਰ ਵਿਭਾਗ ਨੇ ਮੁਕਤਸਰ ਦੀਆਂ ਦੋ ਅਤੇ ਮਲੋਟ ਤੇ ਜਲਾਲਾਬਾਦ ਦੀ ਇਕ-ਇਕ ਫਰਮ ’ਤੇ ਛਾਪਾ ਮਾਰਿਆ ਹੈ। ਘੋਤੜਾ ਨੇ ਦੱਸਿਆ ਕਿ ਇਨ੍ਹਾਂ ਫਰਮਾਂ ਵੱਲੋਂ ਟੈਕਸ ਚੋਰੀ ਦੇ ਇਰਾਦੇ ਨਾਲ ਦਸਤਾਵੇਜ਼ਾਂ ਵਿੱਚ ਧੋਖਾਧੜੀ ਕਰਨ ਦਾ ਪਤਾ ਚਲਿਆ ਸੀ, ਜਿਸ ਦੇ ਅਧਾਰ ’ਤੇ ਇਹ ਛਾਪੇ ਮਾਰੇ ਗਏ। ਉਨ੍ਹਾਂ ਕਿਹਾ ਕਿ ਕੁਝ ਦਸਤਾਵੇਜ਼ ਤੇ ਰਿਕਾਰਡ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਨੇਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।