ਨਰਿੰਦਰ ਸਿੰਘ
ਭਿੱਖੀਵਿੰਡ, 14 ਮਈ
ਤਰਨ ਤਾਰਨ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਪੱਟੀ, ਘਰਿਆਲਾ ਵਿੱਚ ਨਸ਼ਾ ਛੱਡਣ ਵਾਲੇ ਕੁਝ ਨੌਜਵਾਨ ਸਾਹਮਣੇ ਆਏ ਹਨ, ਜਿਨ੍ਹਾਂ ਆਪਣੀਆਂ ਹੱਡ ਬੀਤੀਆਂ ਸਾਂਝੀਆਂ ਕੀਤੀਆਂ ਹਨ। ਪਛਾਣ ਜ਼ਾਹਰ ਨਾ ਕਰਨ ਦੀ ਸ਼ਰਤ ’ਤੇ ਕੁਝ ਨੌਜਵਾਨਾਂ ਨੇ ਦੱਸਿਆ ਕਿ ਲਗਾਤਾਰ ਵਰਤੋਂ ਕਾਰਨ ਉਨ੍ਹਾਂ ਦੀਆਂ ਹੱਥਾਂ ਦੀਆਂ ਉਂਗਲਾਂ ਦਾ ਮਾਸ ਉੱਡਣਾ ਸ਼ੁਰੂ ਹੋ ਗਿਆ ਤੇ ਕਈ ਨੌਜਵਾਨਾਂ ਦੀਆਂ ਉਂਗਲਾਂ ਦੇ ਪੋਟੇ ਤੱਕ ਉੱਡ ਗਏ। ਇਸ ਨੌਜਵਾਨ ਨੇ ਦੱਸਿਆ ਕਿ ਉਸ ਦੀਆਂ ਸਾਰੀਆਂ ਉਂਗਲਾਂ ਦੀਆਂ ਹੱਡੀਆਂ ਗਲ ਕੇ ਹੱਥ ਨਾਲੋਂ ਝੜ ਗਈਆਂ। ਲਗਾਤਾਰ ਨਸ਼ਿਆਂ ਦੀ ਮਾਰ ਹੇਠ ਰਹੇ ਇਹ ਨੌਜਵਾਨ ਹੁਣ ਖ਼ੁਦ ਨੂੰ ਨਸ਼ਿਆਂ ਦੇ ਚੁੰਗਲ ’ਚੋਂ ਮੁਕਤ ਕਰਾਉਣਾ ਚਾਹੁੰਦੇ ਹਨ, ਪਰ ਇਸ ਕੰਮ ਲਈ ਵੀ ਲਗਾਤਾਰ ਇਲਾਜ ਤੇ ਸਿਹਤ ਸੰਭਾਲ ਦੀ ਲੋੜ ਹੈ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਆਰਥਿਕ ਹਾਲਤ ਅਜਿਹੀ ਨਹੀਂ ਕਿ ਉਹ ਆਪਣੀ ਸਿਹਤ ਦਾ ਖ਼ਿਆਲ ਰੱਖ ਸਕਣ। ਨੌਜਵਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਰੁਜ਼ਗਾਰ ਲਈ ਕਰਜ਼ੇ ਦਿੱਤੇ ਜਾਣ।