ਬਲਵਿੰਦਰ ਰੈਤ
ਨੂਰਪੁਰ ਬੇਦੀ, 9 ਨਵੰਬਰ
ਨਜ਼ਦੀਕੀ ਪਿੰਡ ਖੇੜੀ ਵਿੱਚ ਆਪਸੀ ਰੰਜ਼ਿਸ ਨੂੰ ਲੈ ਕੇ ਹੋਈ ਤਕਰਾਰ ਵਿੱਚ ਗੋਲੀ ਚੱਲਣ ਨਾਲ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਰੂਪਨਗਰ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਹਾਲਤ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਲੰਬੇ ਸਮੇਂ ਤੋਂ ਘਰ ਲਾਗੇ ਲਗਾਏ ਗਏ ਗੋਹੇ ਦੇ ਢੇਰਾਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਕਰਾਰ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਇੱਕ ਧੜੇ ਦੇ ਨੌਜਵਾਨਾਂ ਨੇ ਦੂਜੀ ਧਿਰ ਦੇ ਖੇਤਾਂ ਵਿੱਚ ਕੰਮ ਕਰ ਰਹੇ ਨੌਜਵਾਨਾਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਨੌਜਵਾਨ ਦੇ ਗੋਲੀਆਂ ਲੱਗਣ ਦੀ ਖਬਰ ਹੈ, ਜਿਸ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਗੋਲੀ ਨਾਲ ਜ਼ਖ਼ਮੀ ਹੋਇਆ ਨੌਜਵਾਨ ਚਰਨਜੀਤ ਸਿੰਘ ਪੁੱਤਰ ਸਤਪਾਲ ਵਾਸੀ ਪਿੰਡ ਖੇੜੀ ਹੈ ਜਦਕਿ ਗੋਲੀ ਚਲਾਉਣ ਵਾਲੇ ਵੀ ਕਥਿਤ ਤੌਰ ’ਤੇ ਇਸੇ ਪਿੰਡ ਦੇ ਹਨ। ਅੱਜ ਜਦੋਂ ਸ਼ਾਮ 4 ਵਜੇ ਚਰਨਜੀਤ ਸਿੰਘ ਆਪਣੇ ਸਾਥੀ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਆਏ ਦੂਜੀ ਧਿਰ ਦੇ ਵਿਅਕਤੀਆਂ ਨੇ ਪਹਿਲਾਂ ਹਵਾਈ ਫਾਇਰ ਕੀਤੇ ਤੇ ਬਾਅਦ ਵਿੱਚ ਚਰਨਜੀਤ ਸਿੰਘ ’ਤੇ ਗੋਲੀ ਚਲਾ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋਗਿਆ। ਸ੍ਰੀ ਆਨੰਦਪੁਰ ਸਾਹਿਬ ਦੇ ਡੀਐੱਸਪੀ ਰਮਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਦੀ ਪਛਾਣ ਹੋ ਗਈ ਹੈ ਤੇ ਉਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।