ਐਨਪੀ ਧਵਨ
ਪਠਾਨਕੋਟ, 21 ਅਪਰੈਲ
ਜ਼ਿਲ੍ਹੇ ਵਿਚ ਰੁੱਕ-ਰੁੱਕ ਕੇ ਹੋ ਰਹੀ ਬੇਮੌਸਮੀ ਬਰਸਾਤ ਅਤੇ ਤੇਜ਼ ਹਵਾ ਕਾਰਨ ਕਣਕ ਦੀ ਕਟਾਈ ਪ੍ਰਭਾਵਿਤ ਹੋ ਗਈ ਹੈ। ਇਸ ਨਾਲ ਕਿਸਾਨਾਂ ਦੀ ਚਿੰਤਾਵਾਂ ਵਧ ਗਈਆਂ ਹਨ। ਕਈ ਥਾਵਾਂ ’ਤੇ ਬਰਸਾਤ ਨਾਲ ਕਣਕ ਦੀ ਫ਼ਸਲ ਖੇਤਾਂ ਵਿੱਚ ਵਿਛ ਗਈ ਹੈ। ਮੰਡੀਆਂ ਵਿੱਚ ਕਣਕ ਦੀ ਫ਼ਸਲ ਦੀ ਚੁਕਾਈ ਸਹੀ ਢੰਗ ਨਾਲ ਨਾ ਹੋਣ ਦੇ ਚਲਦੇ ਕਿਸਾਨ ਪ੍ਰੇਸ਼ਾਨ ਹਨ। ਫ਼ਿਰੋਜ਼ਪੁਰ ਕਲਾਂ ਵਾਸੀ ਕਿਸਾਨ ਰਵਿੰਦਰ ਸਿੰਘ, ਜੰਗ ਬਹਾਦਰ, ਅਵਤਾਰ ਸਿੰਘ, ਪੂਰਨ ਸਿੰਘ ਆਦਿ ਨੇ ਦੱਸਿਆ ਕਿ ਮੰਡੀ ਵਿੱਚ ਫ਼ਸਲ ਦੀ ਚੁਕਾਈ ਨਹੀਂ ਹੋ ਰਹੀ। ਮੰਡੀ ਵਿੱਚ ਬਾਰਦਾਨੇ ਦੀ ਵੀ ਥੁੜ੍ਹ ਹੈ। ਉਨ੍ਹਾਂ ਦੀ ਜਿਣਸ ਖੁੱਲ੍ਹੇ ਅਸਮਾਨ ਦੇ ਥੱਲੇ ਪਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੰਡੀਆਂ ਵਿੱਚ ਕਣਕ ਦੀ ਚੁਕਾਈ ਦੇ ਜੋ ਦਾਅਵੇ ਕੀਤੇ ਜਾ ਰਹੇ ਹਨ, ਝੂਠ ਸਾਬਿਤ ਹੋ ਰਹੇ ਹਨ। ਇਸ ਬਾਰੇ ਮਜ਼ਦੂਰ ਮੁਕੇਸ਼, ਰਾਜਾ, ਅਮਨ, ਰਾਜ ਕਿਸ਼ੋਰ ਨੇ ਦੱਸਿਆ ਕਿ ਬਰਸਾਤ ਕਾਰਨ ਅੱਜ ਕਿਸਾਨ ਮੰਡੀ ਵਿੱਚ ਫ਼ਸਲ ਲੈ ਕੇ ਨਹੀਂ ਆਏ। ਇਸ ਕਾਰਨ ਉਹ ਬੇਕਾਰ ਬੈਠੇ ਹੋਏ ਹਨ ਤੇ ਉਨ੍ਹਾਂ ਦੀ ਦਿਹਾੜੀ ਨਹੀਂ ਲੱਗੀ।
ਤਰਨ ਤਾਰਨ (ਗੁਰਬਖਸ਼ਪੁਰੀ): ਇਲਾਕੇ ਵਿੱਚ ਬਾਰਸ਼ ਨੇ ਪਹਿਲਾਂ ਤੋਂ ਹੀ ਡਰੇ ਕਿਸਾਨਾਂ ਨੂੰ ਹੋਰ ਭੈਅਭੀਤ ਕਰ ਦਿੱਤਾ ਹੈ। ਪਿੰਡ ਲਾਲੂ ਘੁੰਮਣ ਦੇ ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਬਾਰਸ਼ ਕਰਕੇ ਕਣਕ ਦੀ ਵਾਢੀ ਆਉਂਦੇ ਦੋ ਦਿਨ ਨਹੀਂ ਕੀਤੀ ਜਾ ਸਕੇਗੀ| ਉਨ੍ਹਾਂ ਅੱਜ ਨਿਕਲੀ ਧੁੱਪ ਨੂੰ ਸ਼ੁੱਭ ਸਗਨ ਆਖਦਿਆਂ ਕਿਹਾ ਕਿ ਭਲਕ ਤੋਂ ਕੰਬਾਈਨਾਂ ਖੇਤਾਂ ਅੰਦਰ ਜਾ ਕੇ ਵਾਢੀ ਕਰ ਸਕਣਗੀਆਂ| ਪਿੰਡ ਝੰਡੇਰ ਦੇ ਕਿਸਾਨ ਕਰਮ ਸਿੰਘ ਦੀ ਕਣਕ ਦੀ ਵਾਢੀ ਕਰਨ ਲਈ ਆਏ ਕੰਬਾਈਨ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਬਾਰਸ਼ ਨਾਲ ਉਨ੍ਹਾਂ ਦਾ ਕੰਮ ਠੱਪ ਹੋ ਗਿਆ ਹੈ ਤੇ ਉਸ ਨੂੰ ਕੰਬਾਈਨ ਅਤੇ ਤੂੜੀ ਬਨਾਉਣ ਲਈ ਰੱਖੇ ਰੀਪਰ ਦੇ ਡਰਾਈਵਰ ਅਤੇ ਹੋਰ ਸਟਾਫ਼ ਦਾ ਖਰਚ ਚੁੱਕਣਾ ਪੈ ਰਿਹਾ ਹੈ| ਰਣਜੀਤ ਸਿੰਘ ਨੇ ਕਿਹਾ ਕਿ ਵੀਰਵਾਰ ਤੋਂ ਵਾਢੀ ਦਾ ਕੰਮ ਸ਼ੁਰੂ ਕੀਤਾ ਜਾ ਸਕੇਗਾ| ਇਸ ਬਾਰਸ਼ ਨਾਲ ਤੂੜੀ ਦੀ ਕੁਆਲਿਟੀ ’ਤੇ ਵੀ ਅਸਰ ਪੈਣ ਦੀ ਸੰਭਵਾਨਾ ਹੈ| ਇਸ ਸਥਿਤੀ ਦੇ ਚਲਦਿਆਂ ਅੱਜ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਨਹੀਂ ਕੀਤੀ ਜਾ ਸਕੀ| ਜਿਲ੍ਹੇ ਅੰਦਰ ਕਸਬਾ ਗੋਹਲਵੜ੍ਹ, ਕੋਟ ਦੌਸੰਧੀਮੱਲ, ਲਾਲੂਘੁੰਮਣ, ਝਬਾਲ, ਗੰਡੀਵਿੰਡ, ਸਰਾਏ ਅਮਾਨਤ ਖਾਂ, ਅਲਗੋਂ ਆਦਿ ਵਿੱਚ ਬਾਰਸ਼ ਹੋਣ ਦੀ ਸੂਚਨਾ ਮਿਲੀ ਹੈ|