ਨਵੀਂ ਦਿੱਲੀ, 11 ਜੂਨ
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ 30 ਸਾਲਾਂ ਤੋਂ ਵੱਧ ਸਮੇਂ ਤੋਂ ਰਾਜ ਵਿਚ ਸੇਵਾ ਨਿਭਾਉਣ ਤੋਂ ਬਾਅਦ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਹੁਣ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਪੁਲੀਸ ’ਤੇ ਕੋਈ ਭਰੋਸਾ ਨਹੀਂ ਹੈ ਅਤੇ ਉਨ੍ਹਾਂ ਵਿਰੁੱਧ ਚੱਲ ਰਹੀ ਸਾਰੀ ਜਾਂਚ ਮਹਾਰਾਸ਼ਟਰ ਤੋਂ ਬਾਹਰ ਸੁਤੰਤਰ ਏਜੰਸੀ ਦੁਆਰਾ ਕਰਵਾਈ ਜਾਵੇ। ਮਹਾਰਾਸ਼ਟਰ ਤੋਂ ਬਾਹਰ ਸੁਤੰਤਰ ਏਜੰਸੀ ਦੁਆਰਾ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਸਟਿਸ ਹੇਮੰਤ ਗੁਪਤਾ ਅਤੇ ਵੀ. ਰਾਮਸੂਬਰਮਨੀਅਨ ਦੇ ਬੈਂਚ ਨੇ ਕਿਹਾ,’ ਇਹ ਆਮ ਕਹਾਵਤ ਹੈ ਕਿ ਸ਼ੀਸ਼ੇ ਵਾਲੇ ਘਰਾਂ ‘ਚ ਰਹਿਣ ਵਾਲੇ ਲੋਕ ਦੂਜਿਆਂ ਨੂੰ ਪੱਥਰ ਨਹੀਂ ਮਾਰਦੇ।’ ਅਦਾਲਤ ਨੇ ਜਦੋਂ ਕਿਹਾ ਕਿ ਉਹ ਪਟੀਸ਼ਨ ਨੂੰ ਖਾਰਜ ਕਰਨ ਦਾ ਹੁਕਮ ਜਾਰੀ ਕਰੇਗੀ ਤਾਂ ਪਰਮਬੀਰ ਦੇ ਵਕੀਲ ਨੇ ਕਿਹਾ ਕਿ ਉਹ ਪਟੀਸ਼ਨ ਵਾਪਸ ਲੈ ਲੈਣਗੇ ਅਤੇ ਹੋਰ ਨਿਆਂਇਕ ਕਦਮ ਚੁੱਕਣਗੇ।