ਰਤਨ ਸਿੰਘ ਢਿੱਲੋਂ
ਅੰਬਾਲਾ, 21 ਅਪਰੈਲ
ਸ਼ਹਿਰ ਦੇ ਸੈਕਟਰ- 7 ਸਥਿਤ ਡੋਗਰਾ ਪੈਥ ਲੈਬ ਦੇ ਸੰਚਾਲਕ ਡਾ. ਵਾਸੂ ਡੋਗਰਾ ਖ਼ਿਲਾਫ਼ ਪੁਲੀਸ ਨੇ ਬਿਪਤਾ ਪ੍ਰਬੰਧਨ ਐਕਟ ਦੀਆਂ 11 ਅਤੇ ਆਈਪੀਸੀ ਦੀਆਂ 5 ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਮਾਮਲਾ ਏਐੱਸਐੱਮਓ ਡਾ. ਵਿਜੈ ਵਰਮਾ ਦੀ ਸ਼ਿਕਾਇਤ ’ਤੇ ਕੱਲ੍ਹ ਸ਼ਾਮ ਦਰਜ ਕੀਤਾ ਗਿਆ ਸੀ। ਅੱਜ ਡਾ. ਡੋਗਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਜ਼ਮਾਨਤ ਮਿਲ ਗਈ।
ਜਾਣਕਾਰੀ ਅਨੁਸਾਰ ਇੱਕ ਵਾਇਰਲ ਵੀਡੀਓ ਨਾਲ ਇਹ ਖ਼ੁਲਾਸਾ ਹੋਇਆ ਸੀ ਕਿ ਡੋਗਰਾ ਲੈਬ ਵੱਲੋਂ ਕਥਿਤ ਤੌਰ ’ਤੇ ਕਰੋਨਾ ਟੈਸਟਿੰਗ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਲੈਬ ਸੰਚਾਲਕ ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਨੈਗੇਟਿਵ ਹੋਣ ਦੀ ਰਿਪੋਰਟ ਦੇ ਰਿਹਾ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਵਲ ਸਰਜਨ ਵੱਲੋਂ ਬਣਾਈ ਗਈ ਡਾਕਟਰਾਂ ਦੀ ਟੀਮ ਨੇ ਪੁਲੀਸ ਦੇ ਸਹਿਯੋਗ ਨਾਲ ਡੋਗਰਾ ਲੈਬ ਵਿੱਚ ਅਚਾਨਕ ਛਾਪਾ ਮਾਰਿਆ। ਇਸ ਟੀਮ ਵਿੱਚ ਡਾ. ਸੁਖਪ੍ਰੀਤ ਸਿੰਘ, ਡਾ. ਵਿਜੈ ਵਰਮਾ, ਡਾ. ਕੌਸ਼ਲ ਕੁਮਾਰ, ਡਾ. ਕਰਤਵ ਪ੍ਰਤਾਪ ਸਿੰਘ, ਡਾ. ਕੁਸ਼ਲ ਪ੍ਰਤਾਪ ਸਿੰਘ ਅਤੇ ਸੈਕਟਰ-9 ਥਾਣਾ ਇੰਚਾਰਜ ਸੁਰੇਸ਼ ਕੁਮਾਰ ਸ਼ਾਮਲ ਸਨ। ਟੀਮ ਨੇ ਸਾਰਾ ਰਿਕਾਰਡ ਜਬਤ ਕਰਨ ਦੇ ਨਾਲ ਲੈਬ ਦਾ ਉਹ ਹਿੱਸਾ ਸੀਲ ਕਰ ਦਿੱਤਾ ਜਿੱਥੇ ਕਰੋਨਾ ਟੈਸਟ ਹੁੰਦਾ ਸੀ। ਟੀਮ ਨੂੰ ਨਾ ਤਾਂ ਕਰੋਨਾ ਸੈਂਪਲ ਦੀ ਕਿੱਟ ਮੇਨਟੇਨ ਕਰਨ ਸਬੰਧੀ ਕੋਈ ਸੰਤੋਖਜਨਕ ਜੁਆਬ ਮਿਲਿਆ ਅਤੇ ਨਾ ਹੀ ਸਟਾਕ ਰਜਿਸਟਰ ਮਿਲਿਆ। ਲੈਬ ਵਿਚ ਕੇਵਲ 12 ਟੈਸਟ ਕਰਨ ਦੀ ਆਗਿਆ ਸੀ ਜਦੋਂਕਿ ਲੈਬ ਸੰਚਾਲਕ ਰੋਜ਼ਾਨਾ 20 ਟੈਸਟ ਕਰ ਰਿਹਾ ਸੀ। ਦੂਜੇ ਪਾਸੇ, ਡਾ. ਵਾਸੂ ਡੋਗਰਾ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਵਿੱਚ ਸਾਜਿਸ਼ ਕੀਤੀ ਜਾ ਰਹੀ ਹੈ। ਸਭ ਕੁੁਝ ਨਿਯਮਾਂ ਅਨੁਸਾਰ ਚੱਲ ਰਿਹਾ ਹੈ।